Breaking News
ਤਰਨਤਾਰਨ ‘ਚ ASI ਦੀ ਗੁੰਡਾਗਰਦੀ! ਘਰ ‘ਚ ਵੜ ਕੇ ਕੱਢੀ ਪਿਸਤੌਲ, ਚਲਾ ਦਿੱਤੀ ਗੋਲੀ

ਤਰਨਤਾਰਨ ‘ਚ ASI ਦੀ ਗੁੰਡਾਗਰਦੀ! ਘਰ ‘ਚ ਵੜ ਕੇ ਕੱਢੀ ਪਿਸਤੌਲ, ਚਲਾ ਦਿੱਤੀ ਗੋਲੀ

ਤਰਨਤਾਰਨ ਤੋਂ ਪੁਲਿਸ ਵਿਭਾਗ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।

ਜਿੱਥੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ ਦੇ ਮੋਢਿਆਂ ‘ਤੇ ਹੁੰਦੀ ਹੈ, ਉੱਥੇ ਹੀ ਪੰਜਾਬ ਪੁਲਿਸ ਦੇ ਇੱਕ ASI ਵੱਲੋਂ ਕਥਿਤ ਤੌਰ ‘ਤੇ ਇੱਕ ਵਿਅਕਤੀ ਦੇ ਘਰ ਵਿੱਚ ਦਾਖ਼ਲ ਹੋ ਕੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਪੂਰੀ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਰਅਸਲ, ਮਾਮਲਾ ਤਰਨਤਾਰਨ ਸ਼ਹਿਰ ਦੀ ਚੰਦਰ ਕਾਲੋਨੀ ਦਾ ਹੈ।

ਜਿੱਥੇ ਰਹਿਣ ਵਾਲੇ ਰਾਮ ਪ੍ਰਤਾਪ ਅਤੇ ਪੰਜਾਬ ਪੁਲਿਸ ਦੇ ASI ਵਿਕੁਲ ਚੋਪੜਾ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਇਸੇ ਵਿਵਾਦ ਦੇ ਚੱਲਦਿਆਂ ਰਾਮ ਪ੍ਰਤਾਪ ਨੇ ASI ਦੀ ਕਾਰ ਦੇ ਦਸਤਾਵੇਜ਼ ਆਪਣੇ ਕੋਲ ਰੱਖੇ ਹੋਏ ਸਨ।

ਜਦੋਂ ASI ਵਿਕੁਲ ਚੋਪੜਾ ਆਪਣੇ ਵਾਹਨ ਦੇ ਦਸਤਾਵੇਜ਼ ਲੈਣ ਲਈ ਰਾਮ ਪ੍ਰਤਾਪ ਦੇ ਘਰ ਪਹੁੰਚਿਆ ਤਾਂ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।

ਇਸ ਦੌਰਾਨ ਰਾਮ ਪ੍ਰਤਾਪ ਵੱਲੋਂ ਪਹਿਲਾਂ ਪੈਸਿਆਂ ਦੇ ਲੈਣ-ਦੇਣ ਦਾ ਹਿਸਾਬ ਮੰਗਿਆ ਗਿਆ।

ਦੋਸ਼ ਹੈ ਕਿ ਇਸ ਗੱਲ ਤੋਂ ਗੁੱਸੇ ਵਿੱਚ ਆਏ ASI ਨੇ ਆਪਣੀ ਪਿਸਤੌਲ ਕੱਢ ਲਈ ਅਤੇ ਰੌਬ ਦਿਖਾਉਂਦੇ ਹੋਏ ਫਾਇਰਿੰਗ ਕਰ ਦਿੱਤੀ।

ਗੋਲੀ ਘਰ ਦੇ ਕਮਰੇ ਦੀ ਕੰਧ ਵਿੱਚ ਜਾ ਲੱਗੀ। ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਰਾਮ ਪ੍ਰਤਾਪ ਦੀ ਜਾਨ ਬਚ ਗਈ।

ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ASI ਦੀ ਇਸ ਪੂਰੀ ਹਰਕਤ ਨੂੰ ਆਪਣੇ ਮੋਬਾਈਲ ਫੋਨ ਵਿੱਚ ਰਿਕਾਰਡ ਕਰ ਲਿਆ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਉੱਧਰ, ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ASI ਵਿਕੁਲ ਚੋਪੜਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਹੈ ਅਤੇ ਛੁੱਟੀ ‘ਤੇ ਸੀ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਘਟਨਾ ਵਿੱਚ ਵਰਤਿਆ ਗਿਆ ਹਥਿਆਰ ਉਸ ਦਾ ਲਾਇਸੈਂਸੀ ਪਿਸਤੌਲ ਸੀ।

ਫਿਲਹਾਲ ਪੁਲਿਸ ਵਿਭਾਗ ਵੱਲੋਂ ASI ਵਿਕੁਲ ਚੋਪੜਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹੁਣ ਦੇਖਣਾ ਹੋਵੇਗਾ ਕਿ ਜਾਂਚ ਵਿੱਚ ਕੀ ਤੱਥ ਸਾਹਮਣੇ ਆਉਂਦੇ ਹਨ ਅਤੇ ਇਸ ਮਾਮਲੇ ਵਿੱਚ ਅੱਗੇ ਕੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।

ਸਵਾਲ ਇਹ ਹੈ ਕਿ ਜੇਕਰ ਕਾਨੂੰਨ ਦੀ ਰੱਖਿਆ ਕਰਨ ਵਾਲੇ ਹੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਲੱਗ ਜਾਣ ਤਾਂ ਆਮ ਲੋਕ ਇਨਸਾਫ਼ ਦੀ ਉਮੀਦ ਕਿਸ ਤੋਂ ਕਰਨ?