
ਨੌਜਵਾਨਾਂ ਲਈ CM ਮਾਨ ਦਾ ਵੱਡਾ ਐਲਾਨ! ‘ਪੰਜਾਬ ਦਾ ਕਰੋੜਪਤੀ’ ਮੁਕਾਬਲੇ ਦੀ ਸ਼ੁਰੂਆਤ, ਜੇਤੂ ਨੂੰ ਮਿਲਣਗੇ 1 ਕਰੋੜ ਰੁਪਏ
15 ਤੋਂ 30 ਸਾਲ ਤੱਕ ਦੇ ਨੌਜਵਾਨ ਲੈ ਸਕਣਗੇ ਹਿੱਸਾ, 15 ਨਵੰਬਰ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ; ਕੁੱਲ 10 ਹਜ਼ਾਰ ਪ੍ਰਤੀਯੋਗੀਆਂ ਨੂੰ ਮਿਲੇਗਾ ਨਕਦ ਇਨਾਮ
ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਦੀ ਜਾਣਕਾਰੀ, ਹੁਨਰ ਅਤੇ ਪੰਜਾਬ ਨਾਲ ਜੁੜੇ ਗਿਆਨ ਨੂੰ ਪਰਖਣ ਲਈ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਕਾਬਲੇ ਦੀ ਸ਼ੁਰੂਆਤ ਕੀਤੀ ਹੈ। ਇਸ ਮੁਕਾਬਲੇ ਦਾ ਸਭ ਤੋਂ ਵੱਡਾ ਆਕਰਸ਼ਣ ਇਹ ਹੈ ਕਿ ਇਸ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਇਸ ਮੁਕਾਬਲੇ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਹਿੱਸਾ ਲੈ ਸਕਣਗੇ। ਮੁਕਾਬਲੇ ਲਈ ਆਨਲਾਈਨ ਰਜਿਸਟ੍ਰੇਸ਼ਨ 15 ਨਵੰਬਰ ਤੋਂ ਸ਼ੁਰੂ ਹੋਵੇਗੀ, ਜਦਕਿ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 28 ਨਵੰਬਰ ਤੈਅ ਕੀਤੀ ਗਈ ਹੈ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਹੋਣਗੇ ਸਵਾਲ
‘ਪੰਜਾਬ ਦਾ ਕਰੋੜਪਤੀ’ ਮੁਕਾਬਲੇ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਆਮ ਗਿਆਨ ਨਾਲ ਜੁੜੇ ਸਵਾਲ ਵੀ ਕੁਇਜ਼ ਦਾ ਹਿੱਸਾ ਹੋਣਗੇ। ਪ੍ਰਤੀਯੋਗੀਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਸਵਾਲਾਂ ਦੇ ਜਵਾਬ ਦੇਣ ਦਾ ਮੌਕਾ ਮਿਲੇਗਾ।
ਅੱਠ ਰਾਊਂਡਾਂ ਰਾਹੀਂ ਹੋਵੇਗੀ ਇਨਾਮਾਂ ਦੀ ਵੰਡ
ਇਸ ਮੁਕਾਬਲੇ ਦੇ ਪਹਿਲੇ ਚਾਰ ਰਾਊਂਡ ਚੋਣ ਪ੍ਰਕਿਰਿਆ ਦਾ ਹਿੱਸਾ ਹੋਣਗੇ। ਪੰਜਵੇਂ ਰਾਊਂਡ ਵਿੱਚ 10,000 ਪ੍ਰਤੀਯੋਗੀ ਪਹੁੰਚਣਗੇ। ਇਸ ਤੋਂ ਬਾਅਦ ਵੱਖ-ਵੱਖ ਪੜਾਵਾਂ ਵਿੱਚ ਪ੍ਰਤੀਯੋਗੀਆਂ ਦੀ ਗਿਣਤੀ ਘਟਦੀ ਜਾਵੇਗੀ ਅਤੇ ਉਨ੍ਹਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ।
ਇਨਾਮਾਂ ਦਾ ਵੇਰਵਾ ਇਸ ਤਰ੍ਹਾਂ ਹੈ:
ਪੰਜਵਾਂ ਰਾਊਂਡ: 5,000 ਪ੍ਰਤੀਯੋਗੀਆਂ ਨੂੰ 1,000 ਰੁਪਏ ਪ੍ਰਤੀ ਵਿਅਕਤੀ।
ਛੇਵਾਂ ਰਾਊਂਡ: 2,500 ਪ੍ਰਤੀਯੋਗੀਆਂ ਨੂੰ 2,000 ਰੁਪਏ ਪ੍ਰਤੀ ਵਿਅਕਤੀ।
ਸੱਤਵਾਂ ਰਾਊਂਡ: 1,250 ਪ੍ਰਤੀਯੋਗੀਆਂ ਨੂੰ 3,000 ਰੁਪਏ ਪ੍ਰਤੀ ਵਿਅਕਤੀ।
ਅੱਠਵਾਂ ਰਾਊਂਡ: 625 ਪ੍ਰਤੀਯੋਗੀਆਂ ਨੂੰ 5,000 ਰੁਪਏ ਪ੍ਰਤੀ ਵਿਅਕਤੀ।
ਨੌਵਾਂ ਰਾਊਂਡ: 395 ਪ੍ਰਤੀਯੋਗੀਆਂ ਨੂੰ 10,000 ਰੁਪਏ ਪ੍ਰਤੀ ਵਿਅਕਤੀ।
9 ਦਸੰਬਰ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਾ
ਇਸ ਕੁਇਜ਼ ਮੁਕਾਬਲੇ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ 9 ਦਸੰਬਰ ਨੂੰ ਕਰਵਾਇਆ ਜਾਵੇਗਾ। ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚੋਂ ਟਾਪ-10 ਪ੍ਰਤੀਯੋਗੀ ਇਸ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਸ ਤਰ੍ਹਾਂ ਕੁੱਲ 230 ਪ੍ਰਤੀਯੋਗੀ ਜ਼ਿਲ੍ਹਾ ਪੱਧਰੀ ਮੁਕਾਬਲੇ ਤੱਕ ਪਹੁੰਚਣਗੇ।
ਹਰੇਕ ਜ਼ਿਲ੍ਹੇ ਵਿੱਚੋਂ ਜੇਤੂ ਬਣਨ ਵਾਲਾ ਪ੍ਰਤੀਯੋਗੀ ਆਪਣੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਿਆਂ ਸੂਬਾ ਪੱਧਰੀ ਫਾਈਨਲ ਵਿੱਚ ਪਹੁੰਚੇਗਾ।
17 ਦਸੰਬਰ ਨੂੰ ਹੋਵੇਗਾ ਕਰੋੜਪਤੀ ਦਾ ਫਾਈਨਲ
ਮੁਕਾਬਲੇ ਦਾ ਸੂਬਾ ਪੱਧਰੀ ਫਾਈਨਲ 17 ਦਸੰਬਰ ਨੂੰ ਕਰਵਾਇਆ ਜਾਵੇਗਾ। ਇਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਜੇਤੂ ਇੱਕ-ਦੂਜੇ ਨਾਲ ਮੁਕਾਬਲਾ ਕਰਨਗੇ।
ਫਾਈਨਲ ਵਿੱਚ ਇਨਾਮਾਂ ਦਾ ਵੇਰਵਾ:
10 ਪ੍ਰਤੀਯੋਗੀਆਂ ਨੂੰ 3-3 ਲੱਖ ਰੁਪਏ।
8 ਪ੍ਰਤੀਯੋਗੀਆਂ ਨੂੰ 5-5 ਲੱਖ ਰੁਪਏ।
4 ਪ੍ਰਤੀਯੋਗੀਆਂ ਨੂੰ 10-10 ਲੱਖ ਰੁਪਏ।
ਮੁਕਾਬਲੇ ਦੇ ਆਖਰੀ ਜੇਤੂ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ।
ਇਸ ਤਰ੍ਹਾਂ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ ਸੂਬੇ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਅਤੇ ਗਿਆਨ ਦਿਖਾਉਣ ਦੇ ਨਾਲ-ਨਾਲ ਵੱਡੀ ਇਨਾਮੀ ਰਾਸ਼ੀ ਜਿੱਤਣ ਦਾ ਮੌਕਾ ਵੀ ਦੇਵੇਗਾ।






