Breaking News
ਹਰਿਆਣਾ ‘ਚ ਭਿਆਨਕ ਸੜਕ ਹਾਦਸਾ: ਨਹਿਰ ਦੇ ਪੁਲ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਕੇ ‘ਤੇ ਮੌਤ

ਹਰਿਆਣਾ ‘ਚ ਭਿਆਨਕ ਸੜਕ ਹਾਦਸਾ: ਨਹਿਰ ਦੇ ਪੁਲ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਕੇ ‘ਤੇ ਮੌਤ

ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕਸਾਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਹੈਚਬੈਕ ਕਾਰ ਨਹਿਰ ਦੇ ਪੁਲ ਨਾਲ ਜਾ ਟਕਰਾਈ। ਇਸ ਭਿਆਨਕ ਟੱਕਰ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸਾ ਤੜਕੇ ਕਰੀਬ 2 ਵਜੇ ਉਸ ਸਮੇਂ ਵਾਪਰਿਆ, ਜਦੋਂ ਨੌਜਵਾਨ ਕੈਥਲ ਸ਼ਹਿਰ ਵੱਲ ਜਾ ਰਹੇ ਸਨ।


ਮ੍ਰਿਤਕਾਂ ਦੀ ਪਛਾਣ, ਤਿੰਨੋਂ ਇੱਕੋ ਪਿੰਡ ਦੇ ਰਹਿਣ ਵਾਲੇ


ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਨਵਦੀਪ (19), ਪ੍ਰਦੀਪ (27) ਅਤੇ ਅਜੈ (22) ਵਜੋਂ ਹੋਈ ਹੈ। ਤਿੰਨੋਂ ਕੈਥਲ ਜ਼ਿਲ੍ਹੇ ਦੇ ਪਿੰਡ ਕਰੋੜਾ ਦੇ ਰਹਿਣ ਵਾਲੇ ਸਨ ਅਤੇ ਆਪਸ ਵਿੱਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ।

ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਤਿੰਨ ਨੌਜਵਾਨਾਂ ਦੀ ਪਛਾਣ ਸਾਹਿਲ, ਅਰਜੁਨ ਅਤੇ ਨਰਿੰਦਰ ਵਜੋਂ ਹੋਈ ਹੈ। ਨਰਿੰਦਰ ਹੀ ਕਾਰ ਚਲਾ ਰਿਹਾ ਸੀ।


ਝੋਨੇ ਦੀ ਕਟਾਈ ਤੋਂ ਬਾਅਦ ਘਰ ਜਾ ਰਹੇ ਸਨ ਨੌਜਵਾਨ


ਪਰਿਵਾਰਕ ਮੈਂਬਰਾਂ ਮੁਤਾਬਕ, ਸਾਰੇ ਨੌਜਵਾਨ ਆਪਣੇ ਖੇਤਾਂ ਵਿੱਚ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਪਿੰਡ ਕਰੋੜਾ ਤੋਂ ਨਰਿੰਦਰ ਦੇ ਕੈਥਲ ਸਥਿਤ ਘਰ ਵੱਲ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।

ਪਰਿਵਾਰਾਂ ਦਾ ਦਾਅਵਾ ਹੈ ਕਿ ਸਾਹਮਣੇ ਤੋਂ ਇੱਕ ਹੋਰ ਵਾਹਨ ਆ ਰਿਹਾ ਸੀ, ਜਿਸ ਦੀਆਂ ਤੇਜ਼ ਹੈੱਡਲਾਈਟਾਂ ਕਾਰਨ ਡਰਾਈਵਰ ਦੀਆਂ ਅੱਖਾਂ ਚੁੰਧਿਆ ਗਈਆਂ। ਇਸ ਕਾਰਨ ਕਾਰ ਬੇਕਾਬੂ ਹੋ ਕੇ ਨਹਿਰ ਦੇ ਪੁਲ ਦੀ ਪੁਲੀ ਨਾਲ ਜਾ ਟਕਰਾਈ।


ਟੱਕਰ ਇੰਨੀ ਭਿਆਨਕ ਕਿ ਕਾਰ ਦੇ ਉੱਡੇ ਪਰਖੱਚੇ


ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਦਾ ਇੱਕ ਟਾਇਰ ਵੀ ਨਿਕਲ ਕੇ ਵੱਖ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਜ਼ਖ਼ਮੀ ਨਰਿੰਦਰ ਦੇ ਚਿਹਰੇ ਅਤੇ ਬਾਂਹ ‘ਤੇ ਮਾਮੂਲੀ ਸੱਟਾਂ ਲੱਗੀਆਂ ਹਨ। ਉੱਥੇ ਹੀ ਸਾਹਿਲ ਦੀ ਲੱਤ ਦੀ ਹੱਡੀ ਟੁੱਟ ਗਈ, ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਅਰਜੁਨ ਦੀ ਰੀੜ੍ਹ ਦੀ ਹੱਡੀ ਵਿੱਚ ਫਰੈਕਚਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।