
ਵਿਆਹ ਦੀ ਗੱਲ ਕਰਨ ਬਹਾਨੇ ਪ੍ਰੇਮੀ ਨੂੰ ਘਰ ਬੁਲਾਇਆ, ਪੈਟਰੋਲ ਪਾ ਕੇ ਸਾੜਿਆ
ਪਿੰਡ ਜੱਟਪੁਰਾ ਵਿੱਚ ਪ੍ਰੇਮ ਵਿਆਹ ਦੀ ਇੱਛਾ ਰੱਖਣ ਵਾਲੇ 22 ਸਾਲਾ ਨੌਜਵਾਨ ਹਰਮਨਜੋਤ ਦੀ 10 ਦਿਨ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰਨ ਤੋਂ ਬਾਅਦ ਮੌਤ ਹੋ ਗਈ। ਦੋਸ਼ ਹੈ ਕਿ ਪਿੰਡ ਦੀ ਹੀ ਇੱਕ ਲੜਕੀ ਨਾਲ ਵਿਆਹ ਕਰਨ ਦੀ ਇੱਛਾ ਕਾਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ।
ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ, 9 ਨਵੰਬਰ ਦੀ ਸ਼ਾਮ ਨੂੰ ਲੜਕੀ ਦੇ ਪਿਤਾ ਸੁਭਾਸ਼ ਕੁਮਾਰ ਨੇ ਵਿਆਹ ਸਬੰਧੀ ਗੱਲਬਾਤ ਕਰਨ ਦਾ ਭਰੋਸਾ ਦੇ ਕੇ ਹਰਮਨਜੋਤ ਨੂੰ ਆਪਣੇ ਘਰ ਬੁਲਾਇਆ। ਉੱਥੇ ਪਹੁੰਚਦਿਆਂ ਹੀ ਸੁਭਾਸ਼ ਕੁਮਾਰ ਅਤੇ ਉਸ ਦੇ ਪੁੱਤਰਾਂ ਮਨਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੜਕੀ ਦੇ ਮਾਮੇ ਨੇ ਉਸ ਨੂੰ ਫੜ ਲਿਆ ਅਤੇ ਸੁਭਾਸ਼ ਕੁਮਾਰ ਨੇ ਕਥਿਤ ਤੌਰ ’ਤੇ ਉਸ ਉੱਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।
ਗੰਭੀਰ ਰੂਪ ਵਿੱਚ ਝੁਲਸੇ ਹਰਮਨਜੋਤ ਨੂੰ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ, ਪੀ.ਜੀ.ਆਈ. ਅਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਵਿਖੇ ਰੈਫਰ ਕੀਤਾ ਗਿਆ। ਉੱਥੇ ਬੀਤੀ ਦੇਰ ਸ਼ਾਮ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸਰੀਰ ਅਤੇ ਹੱਥ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਹਰਮਨਜੋਤ ਦੇ 11 ਨਵੰਬਰ ਨੂੰ ਬਿਆਨ ਦਰਜ ਕਰਨ ਸਮੇਂ ਉਸ ਦੇ ਪੈਰ ਦੇ ਅੰਗੂਠੇ ਦਾ ਨਿਸ਼ਾਨ ਲਿਆ ਗਿਆ ਸੀ।
ਥਾਣਾ ਹਠੂਰ ਦੀ ਪੁਲੀਸ ਨੇ ਸੁਭਾਸ਼ ਕੁਮਾਰ, ਉਸ ਦੇ ਦੋਵੇਂ ਪੁੱਤਰਾਂ ਅਤੇ ਲੜਕੀ ਦੇ ਮਾਮੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਸੁਭਾਸ਼ ਕੁਮਾਰ ਅਤੇ ਉਸ ਦੇ ਦੋਵੇਂ ਪੁੱਤਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚੌਥੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



