ਮੁਠਿਆੜਾਂ ਦੇ 22 ਸਾਲਾਂ ਨੌਜ਼ਵਾਨ ਦੀ ਅਮਰੀਕਾ ਵਿੱਚ ਹੋਈ ਮੌਤ, ਡੇਢ ਮਹੀਨੇ ਪਹਿਲਾਂ ਪਿਤਾ ਦੀ ਹੋਈ ਸੀ ਮੌਤ

ਬਨੂੜ ਦੇ ਨੇੜਲੇ ਪਿੰਡ ਮੁਠਿਆੜਾਂ ਦੇ ਹਸ਼ਨਪ੍ਰੀਤ ਸਿੰਘ (22) ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਸਥਿਤ ਮਿਲਟਨ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਹਸ਼ਨਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਡੇਢ ਸਾਲ ਪਹਿਲਾਂ ਦਸੰਬਰ 2021 ਵਿੱਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਅਮਰੀਕਾ ਗਿਆ ਸੀ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸ਼ਨਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਮਿਲਟਨ ਝੀਲ ’ਤੇ ਘੁੰਮਣ ਗਿਆ ਸੀ, ਜਿੱਥੇ ਉਸ ਦਾ ਪੈਰ ਤਿਲਕ ਗਿਆ ਤੇ ਉਹ ਝੀਲ ਵਿੱਚ ਡਿੱਗ ਗਿਆ। ਗੋਤਾਖੋਰਾਂ ਨੇ ਉਸ ਨੂੰ ਤੁਰਤ ਬਾਹਰ ਕੱਢ ਕੇ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਡੇਢ ਕੁ ਮਹੀਨਾ ਪਹਿਲਾਂ ਹੀ ਹਸ਼ਨਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਦੀ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ, ਜਿਸ ਪਿੱਛੋਂ ਹਸ਼ਨਪ੍ਰੀਤ ਹੀ ਆਪਣੀ ਮਾਂ ਦਾ ਸਹਾਰਾ ਸੀ। ਬਨੂੜ ਵਿੱਚ ਹਸ਼ਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਮਿਲਦੇ ਸਾਰ ਹੀ ਸੋਗ ਦੀ ਲਹਿਰ ਫੈਲ ਗਈ।