ਚਾਈਨਾ ਡੋਰ ਨੇ ਲਈ 13 ਸਾਲਾਂ ਮੁੰਡੇ ਦੀ ਜਾਨ, ਹੱਸਦਾ ਖੇਡਦਾ ਘਰ ਆ ਰਿਹਾ ਸੀ ਵਾਪਿਸ, ਮਾਂ ਦਾ ਰੋ-ਰੋ ਬੁਰਾ ਹਾਲ

ਰੂਪਨਗਰ: ਅੱਜ ਪੂਰੇ ਦੇਸ਼ ‘ਚ ਬਾਲ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਪੰਜਾਬ ਵਿਚ ਜਿਥੇ ਇਕ ਪਾਸੇ ਬੱਚੇ ਸਕੂਲਾਂ ‘ਚ ਹੱਸ ਖੇਡ ਰਹੇ ਹਨ ਓਥੇ ਹੀ ਇਕ ਘਰ ਦਾ ਚਿਰਾਗ ਬੁਝ ਗਿਆ ਹੈ। ਰੂਪਨਗਰ ਨੇੜੇ ਪਿੰਡ ਕੋਟਲਾ ਨਿਹੰਗ ‘ਚ ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ 13 ਸਾਲਾ ਮੁੰਡੇ ਦੀ ਮੌਤ ਹੋ ਜਾਣ ਗਈ ਹੈ। ਪਰਿਵਾਰ ਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਸੂਤਰਾਂ ਅਨੁਸਾਰ ਬੀਤੀ ਸ਼ਾਮ ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ ਪਿੰਡ ਕੋਟਲਾ ਨਿਹੰਗ ਦਾ 13 ਸਾਲਾ ਗੁਲਸ਼ਨ ਜੋ 8ਵੀਂ ਜਮਾਤ ਦਾ ਵਿਦਿਆਰਥੀ ਸੀ,ਜ਼ਖ਼ਮੀ ਹੋ ਗਿਆ। ਉਹ ਰੇਲਵੇ ਸਟੇਸ਼ਨ ਨੇੜੇ ਫਲਾਈਓਵਰ ਕੋਲ ਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ। ਜ਼ਖਮੀ ਹੋਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਆਪਣੀ ਗਰਦਨ ਰੁਮਾਲ ਨਾਲ ਬੰਨ੍ਹ ਕੇ ਘਰ ਪਹੁੰਚਿਆ ਪਰ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੰਦੇ ਹੀ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਪੀਜੀਆਈ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਬਾਅਦ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸ ਦਇਏ ਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਚਾਈਨਾ ਡੋਰ ਅਤੇ ਪਤੰਗਾਂ ‘ਤੇ ਪੂਰਨ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ।