ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 2026 ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ ਹੈ। ਕੰਗ ਨੇ ਕਿਹਾ ਕਿ ਇਹ ਬਜਟ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਿਆ
ਕਿਸਾਨਾਂ ਅਤੇ ਮਜ਼ਦੂਰਾਂ ਨਾਲ ਮਜ਼ਾਕ
ਕੰਗ ਨੇ ਸਵਾਲ ਚੁੱਕਿਆ ਕਿ ਬਜਟ ਵਿੱਚ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੰਕਟ ਨੂੰ ਹੱਲ ਕਰਨ ਲਈ ਨਾ ਤਾਂ ਫ਼ਸਲੀ ਵਿਭਿੰਨਤਾ ਲਈ ਕੋਈ ਸਹਾਇਤਾ ਰਾਸ਼ੀ ਰੱਖੀ ਗਈ ਹੈ ਅਤੇ ਨਾ ਹੀ ਫੂਡ ਪ੍ਰੋਸੈਸਿੰਗ ਯੂਨਿਟਾਂ ਲਈ ਕੋਈ ਪਲਾਨ ਤਿਆਰ ਕੀਤਾ ਗਿਆ ਹੈ
ਖੇਡਾਂ ਦੇ ਖੇਤਰ ਵਿੱਚ ਵੱਡਾ ਵਿਤਕਰਾ
MP ਕੰਗ ਨੇ ਅੰਕੜੇ ਪੇਸ਼ ਕਰਦਿਆਂ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਖਿਡਾਰੀ ਦੇਸ਼ ਲਈ ਮੈਡਲ ਜਿੱਤ ਕੇ ਰਾਸ਼ਟਰੀ ਮਾਣ ਵਧਾਉਂਦੇ ਹਨ, ਪਰ ਦੂਜੇ ਪਾਸੇ ਕੇਂਦਰ ਸਰਕਾਰ ਖੇਡ ਬੁਨਿਆਦੀ ਢਾਂਚੇ ਲਈ ਗੁਜਰਾਤ ਨੂੰ 606 ਕਰੋੜ ਰੁਪਏ ਜਾਰੀ ਕਰਦੀ ਹੈ, ਜਦਕਿ ਪੰਜਾਬ ਨੂੰ ਉਸ ਦੇ ਮੁਕਾਬਲੇ ਬਹੁਤ ਹੀ ਘੱਟ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਖੇਲੋ ਇੰਡੀਆ’ ਵਰਗੀਆਂ ਸਕੀਮਾਂ ਵਿੱਚ ਪੰਜਾਬ ਨਾਲ ਸਪੱਸ਼ਟ ਤੌਰ ‘ਤੇ ਵਿਤਕਰਾ ਹੋ ਰਿਹਾ ਹੈ
ਪੀਐਮ ਮੋਦੀ ਦਾ ਦੌਰਾ: ਸਿਰਫ਼ ਰਸਮੀ ਕਾਰਵਾਈ?
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ਦੌਰੇ ‘ਤੇ ਟਿੱਪਣੀ ਕਰਦਿਆਂ ਕੰਗ ਨੇ ਕਿਹਾ ਕਿ ਹਲਵਾਰਾ ਦੇ ਸਿਵਲ ਟਰਮੀਨਲ ਦਾ ਉਦਘਾਟਨ ਅਤੇ ਆਦਮਪੁਰ ਏਅਰਪੋਰਟ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ‘ਤੇ ਰੱਖਣਾ ਇੱਕ ਸ਼ਲਾਘਾਯੋਗ ਕਦਮ ਹੈ, ਪਰ ਸਿਰਫ਼ ਨਾਮ ਬਦਲਣ ਜਾਂ ਫੀਤੇ ਕੱਟਣ ਨਾਲ ਪੰਜਾਬ ਦਾ ਵਿਕਾਸ ਨਹੀਂ ਹੋਵੇਗਾ
“ਸਾਨੂੰ ਪ੍ਰਤੀਕਵਾਦ (Symbolism) ਨਹੀਂ, ਸਗੋਂ ਠੋਸ ਨੀਤੀਆਂ ਚਾਹੀਦੀਆਂ ਹਨ। ਹਲਵਾਰਾ ਅਤੇ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਮਰੀਕਾ, ਕੈਨੇਡਾ ਅਤੇ ਯੂਰਪ ਲਈ ਸਿੱਧੀਆਂ ਉਡਾਣਾਂ ਕਦੋਂ ਸ਼ੁਰੂ ਹੋਣਗੀਆਂ? ਦੁਆਬੇ ਦੇ ਪ੍ਰਵਾਸੀ ਭਾਰਤੀਆਂ ਲਈ ਇਹ ਅਸਲ ਲੋੜ ਹੈ।” – ਮਾਲਵਿੰਦਰ ਕੰਗ

