ਫਿਰੋਜ਼ਪੁਰ: ਫਿਰੋਜ਼ਪੁਰ ਕੈਂਟ ਦੇ ਪਾਇਲਟ ਚੌਕ ਵਿਖੇ ਇੱਕ ਹੈਰਾਨ ਕਰ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਸਿਆਜ਼ ਕਾਰ ਨੇ ਐਕਟਿਵਾ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਸਵਾਰ ਸੜਕ ‘ਤੇ ਡਿੱਗ ਪਿਆ, ਜਦਕਿ ਐਕਟਿਵਾ ਕਾਰ ਦੇ ਹੇਠਾਂ ਫਸ ਗਈ।
ਹਾਦਸੇ ਤੋਂ ਬਾਅਦ ਜੋ ਕੁਝ ਹੋਇਆ, ਉਸ ਨੇ ਰਾਹਗੀਰਾਂ ਨੂੰ ਹੈਰਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਐਕਟਿਵਾ ਨੂੰ ਕਾਰ ਦੇ ਹੇਠਾਂ ਫਸਾ ਕੇ ਹੀ ਅੱਗੇ ਵਧਣਾ ਜਾਰੀ ਰੱਖਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਕਰੀਬ 5 ਕਿਲੋਮੀਟਰ ਤੱਕ ਐਕਟਿਵਾ ਨੂੰ ਸੜਕ ‘ਤੇ ਘੜੀਸਦੀ ਲੈ ਗਈ।
ਲੋਕਾਂ ਨੇ ਕਾਰ ਚਾਲਕ ਨੂੰ ਰੋਕਣ ਲਈ ਕੀਤਾ ਪਿੱਛਾ
ਘਟਨਾ ਨੂੰ ਦੇਖ ਕੇ ਸੜਕ ‘ਤੇ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਕੁਝ ਲੋਕਾਂ ਨੇ ਕਾਰ ਚਾਲਕ ਨੂੰ ਰੋਕਣ ਲਈ ਉਸ ਦਾ ਪਿੱਛਾ ਵੀ ਕੀਤਾ। ਮੁੱਢਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਫਾਜ਼ਿਲਕਾ ਰੋਡ ‘ਤੇ ਐਕਟਿਵਾ ਨੂੰ ਕਾਰ ਵਿੱਚੋਂ ਕੱਢ ਕੇ ਫਾਜ਼ਿਲਕਾ ਵੱਲ ਫ਼ਰਾਰ ਹੋ ਗਿਆ।
ਪੁਲਿਸ ਨੇ ਕਾਰ ਦਾ ਨੰਬਰ ਕੀਤਾ ਟਰੇਸ
ਮਾਮਲੇ ਸਬੰਧੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਰ ਦਾ ਨੰਬਰ ਟਰੇਸ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਫਿਲਹਾਲ ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਆਖ਼ਰ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਨੇ ਗੱਡੀ ਕਿਉਂ ਨਹੀਂ ਰੋਕੀ? ਕੀ ਉਸ ਨੂੰ ਐਕਟਿਵਾ ਕਾਰ ਦੇ ਹੇਠਾਂ ਫਸਣ ਦਾ ਪਤਾ ਨਹੀਂ ਲੱਗਾ ਜਾਂ ਉਹ ਜਾਣਬੁੱਝ ਕੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ? ਪੁਲਿਸ ਜਾਂਚ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇਗੀ
