ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਸੰਭਾਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਅਹਿਮ ਹੁਕਮ ਜਾਰੀ ਕੀਤੇ ਗਏ ਹਨ। ਸ੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ., ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਇਹ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਅਨੁਸਾਰ, ਹਵਾਈ ਅੱਡੇ ਦੇ ਖੇਤਰ ਵਿੱਚ ਅੱਜ ਤੋਂ ਡਰੋਨ, ਰਿਮੋਟ ਕੰਟਰੋਲ ਮਾਈਕ੍ਰੋਲਾਈਟ ਏਅਰਕ੍ਰਾਫਟ, ਪੈਰਾ-ਗਲਾਈਡਰ, ਪੈਰਾ-ਮੋਟਰ, ਹੈਂਡ ਗਲਾਈਡਰ, ਗਰਮ ਹਵਾ ਵਾਲੇ ਗੁਬਾਰਿਆਂ ਅਤੇ ਹੋਰ ਅਜਿਹੇ ਉੱਡਣ ਵਾਲੇ ਯੰਤਰਾਂ ਦੀ ਉਡਾਣ ’ਤੇ ਪਾਬੰਦੀ ਲਗਾਈ ਗਈ ਹੈ।
ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 223 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਵਾਈ ਅੱਡੇ ਅਤੇ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨ ਅਤੇ ਬਿਨਾਂ ਮਨਜ਼ੂਰੀ ਕਿਸੇ ਵੀ ਤਰ੍ਹਾਂ ਦੇ ਉੱਡਣ ਵਾਲੇ ਯੰਤਰ ਦੀ ਵਰਤੋਂ ਜਾਂ ਉਡਾਣ ਨਾ ਕਰਨ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਹੈ।
