ਚਿੱਟੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪੁਲਿਸ ਵੱਲੋਂ ਇਕ ਵਿਅਕਤੀ ਖਿਲਾਫ ਮਾਮਲਾ ਦਰਜ਼

ਬੇਸ਼ੱਕ ਸਰਕਾਰ ਪੰਜਾਬ ਵਿਚੋਂ ਚਿੱਟੇ ਨੂੰ ਖਤਮ ਕਰਨ ਲਈ ਆਪਣੇ ਦਾਅਵੇ ਕਰ ਰਹੀ ਹੈ ਪਰ ਇਹ ਦਾਅਵੇ ਸਿਰਫ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਇਸ ਚਿੱਟੇ ਦੇ ਦੈਂਤ ਦਾ ਇੱਕ ਹੋਰ ਨੌਜਵਾਨ ਸ਼ਿਕਾਰ ਹੋ ਕੇ ਆਪਣੀ ਜਾਨ ਤੋ ਹੱਥ ਧੋ ਬੈਠਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌੜ ਬਲਾਕ ਦੇ ਪਿੰਡ ਮਾਇਸਰਖਾਨਾ ਦਾ ਇਕ ਨੌਜਵਾਨ ਜਸਵੰਤ ਸਿੰਘ (24) ਪੁੱਤਰ ਗੁਰਪ੍ਰੀਤ ਸਿੰਘ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਬੀਤੇ ਦਿਨ ਚਿੱਟੇ ਦਾ ਟੀਕਾ ਲਗਾਉਣ ਕਰਕੇ ਬੇਹੋਸ਼ ਹੋ ਗਿਆ। ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੋਂ ਕਿ ਡਾਕਟਰਾਂ ਨੇ ਉਸ ਨੂੰ ਏਮਜ਼ ਵਿਚ ਰੈਫਰ ਕਰ ਦਿੱਤਾ ਜਿਥੇ ਕਿ ਉਸ ਦੀ ਮੌਤ ਹੋ ਗਈ। ਕੋਟਫੱਤਾ ਪੁਲਿਸ ਨੇ ਮ੍ਰਿਤਕ ਦੀ ਮਾਤਾ ਸਰਬਜੀਤ ਕੌਰ ਦੇ ਬਿਆਨਾਂ ਤੇ ਪਿੰਡ ਮਾਇਸਰਖਾਨਾ ਦੇ ਹੀ ਇਕ ਵਿਅਕਤੀ ਰਾਜਵੀਰ ਸਿੰਘ ਖਿਲਾਫ ਧਾਰਾ 304 ਤਹਿਤ ਮਾਮਲਾ ਦਰਜ ਕਰਵਾਇਆ ਹੈ ਕਿ ਉਕਤ ਵਿਅਤਕੀ ਉਸ ਦੇ ਪੁੱਤਰ ਨੂੰ ਨਸ਼ਾ ਦੇ ਕੇ ਜਾਂਦਾ ਸੀ ਜਿਸ ਕਾਰਨ ਉਸ ਦੇ ਪੁੱਤਰ ਦੀ ਮੌਤ ਹੋ ਗਈ ।ਪੁਲਿਸ ਵੱਲੋਂ ਨੌਜਵਾਨ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

Tags :