ਦਿੱਲੀ ਦੇ ਕਨਾਟ ਪਲੇਸ ਵਿੱਚ ਦੋ ਦਿਨਾਂ ਲਈ ਪਾਬੰਦੀਆਂ, CJP ਦੇ ‘ਤਿਰੰਗਾ ਮਾਰਚ’ ਤੋਂ ਪਹਿਲਾਂ ਪੁਲਿਸ ਅਲਰਟ

  • 16 ਅਤੇ 17 ਅਕਤੂਬਰ ਨੂੰ ਸੈਂਟਰਲ ਪਾਰਕ ਰਹੇਗਾ ਬੰਦ, BNSS ਦੀ ਧਾਰਾ 163 ਲਾਗੂ ਹੋਣ ਕਾਰਨ ਲੋਕਾਂ ਨੂੰ ਇਕੱਠੇ ਨਾ ਹੋਣ ਦੀ ਅਪੀਲ

ਨਵੀਂ ਦਿੱਲੀ: ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ CJP ਵੱਲੋਂ ਪ੍ਰਸਤਾਵਿਤ ‘ਲਹਿਰਾ ਦੋ ਤਿਰੰਗਾ’ ਮਾਰਚ ਤੋਂ ਪਹਿਲਾਂ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਕਨਾਟ ਪਲੇਸ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲਾਗੂ ਪਾਬੰਦੀਆਂ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਲੋਕਾਂ ਨੂੰ ਪ੍ਰਸਤਾਵਿਤ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ

ਪੁਲਿਸ ਮੁਤਾਬਕ, ਇਲਾਕੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਤਹਿਤ ਮਨਾਹੀ ਦੇ ਹੁਕਮ ਲਾਗੂ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

16 ਅਤੇ 17 ਅਕਤੂਬਰ ਨੂੰ ਬੰਦ ਰਹੇਗਾ ਸੈਂਟਰਲ ਪਾਰਕ

ਨਵੀਂ ਦਿੱਲੀ ਨਗਰ ਕੌਂਸਲ (NDMC) ਨੇ ਸੂਚਿਤ ਕੀਤਾ ਹੈ ਕਿ ਕਨਾਟ ਪਲੇਸ ਸਥਿਤ ਸੈਂਟਰਲ ਪਾਰਕ 16 ਅਤੇ 17 ਅਕਤੂਬਰ ਨੂੰ ਪ੍ਰਸ਼ਾਸਨਿਕ ਕਾਰਨਾਂ ਕਰਕੇ ਆਮ ਲੋਕਾਂ ਲਈ ਬੰਦ ਰਹੇਗਾ। ਕੌਂਸਲ ਨੇ ਪਾਰਕ ਵਿੱਚ ਬਿਨਾਂ ਇਜਾਜ਼ਤ ਦਾਖ਼ਲੇ ਨੂੰ ਰੋਕਣ ਲਈ ਪੁਲਿਸ ਤੋਂ ਢੁੱਕਵੇਂ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਦੂਜੇ ਪਾਸੇ, ਕਨਾਟ ਪਲੇਸ ਅਤੇ ਨੇੜਲੇ ਬਾਜ਼ਾਰਾਂ ਦੀਆਂ ਵਪਾਰਕ ਜਥੇਬੰਦੀਆਂ ਨੇ ਵੀ ਪੁਲਿਸ ਨੂੰ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਗੈਰ-ਕਾਨੂੰਨੀ ਇਕੱਠ ਕਾਰਨ ਕਾਰੋਬਾਰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ।

CJP ਨੇ 5 ਵਜੇ ਤਿਰੰਗਾ ਮਾਰਚ ਲਈ ਦਿੱਤਾ ਸੱਦਾ

CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੀਰਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੁੱਕਰਵਾਰ, 16 ਅਕਤੂਬਰ ਨੂੰ ਸ਼ਾਮ 5 ਵਜੇ ਤਿਰੰਗੇ ਲੈ ਕੇ ਸੈਂਟਰਲ ਪਾਰਕ ਪਹੁੰਚਣ। ਪਾਰਟੀ ਵੱਲੋਂ ਸੋਸ਼ਲ ਮੀਡੀਆ ਅਤੇ ਪ੍ਰੈੱਸ ਕਾਨਫਰੰਸ ਰਾਹੀਂ ਇਸ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਇਹ ਪ੍ਰਸਤਾਵਿਤ ਪ੍ਰਦਰਸ਼ਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਕੀਤੇ ਜਾ ਰਹੇ ਵਿਰੋਧ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ CJP ਅਤੇ ਆਮ ਆਦਮੀ ਪਾਰਟੀ (AAP) ਵੱਲੋਂ ਵੀ ਪ੍ਰਦਰਸ਼ਨ ਦਾ ਸੱਦਾ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

ਦਿੱਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਪਾਬੰਦੀ ਦੇ ਹੁਕਮਾਂ ਦੇ ਬਾਵਜੂਦ ਇਕੱਠੇ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋ ਸਕਦੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਇਕੱਠਾਂ ਤੋਂ ਦੂਰ ਰਹਿਣ ਅਤੇ ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਵਿੱਚ ਸਹਿਯੋਗ ਦੇਣ।

ਹਾਲਾਂਕਿ, ਪੁਲਿਸ ਨੇ ਇਹ ਵੀ ਕਿਹਾ ਹੈ ਕਿ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਗਾਉਣ ਲਈ ਲੋਕਾਂ ਦੇ ਇੱਕ ਸੀਮਤ ਸਮੂਹ ਨੂੰ ਕਿਸੇ ਢੁੱਕਵੀਂ ਥਾਂ ’ਤੇ ਇਜਾਜ਼ਤ ਦੇਣ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾ ਸਕਦਾ ਹੈ।

ਹੁਣ ਸਭ ਦੀਆਂ ਨਜ਼ਰਾਂ 16 ਅਕਤੂਬਰ ਨੂੰ ਹੋਣ ਵਾਲੇ ਇਸ ਪ੍ਰਸਤਾਵਿਤ ਮਾਰਚ ਅਤੇ ਦਿੱਲੀ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਟਿਕੀਆਂ ਹੋਈਆਂ ਹਨ