ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ, ਮਾਂ-ਪੁੱਤਰ ਸਮੇਤ 8 ਗ੍ਰਿਫ਼ਤਾਰ

ਪੰਜਾਬ। ਥਾਣਾ ਸਦਰ ਦੀ ਪੁਲਿਸ ਨੇ ਨਵਜਾਤ ਬੱਚਿਆਂ ਦੀ ਖਰੀਦੋ-ਫਰੋਖ਼ਤ ਅਤੇ ਤਸਕਰੀ ਕਰਨ ਵਾਲੇ ਇੱਕ ਵੱਡੇ 8 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮਾਂ-ਪੁੱਤਰ ਸਮੇਤ ਕੁੱਲ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਗਰੀਬ ਪਰਿਵਾਰਾਂ ਨੂੰ ਪੈਸੇ ਦਾ ਲਾਲਚ ਦੇ ਕੇ ਨਵਜਾਤ ਬੱਚੇ ਖਰੀਦਦਾ ਸੀ ਅਤੇ ਫਿਰ ਉਨ੍ਹਾਂ ਨੂੰ ਅਮੀਰ, ਬੇਔਲਾਦ ਜੋੜਿਆਂ ਨੂੰ ਲੱਖਾਂ ਰੁਪਏ ਵਿੱਚ ਅੱਗੇ ਵੇਚ ਦਿੰਦਾ ਸੀ।

ਇਸ ਮਾਮਲੇ ਦਾ ਖੁਲਾਸਾ ਇੱਕ ਗੁਪਤ ਸੂਚਨਾ ‘ਤੇ ਹੋਇਆ। ਏਐੱਸਆਈ ਅੰਗਰੇਜ਼ ਸਿੰਘ ਅਤੇ ਉੱਗੀ ਚੌਕੀ ਦੀ ਟੀਮ ਨੇ ਕਾਰਵਾਈ ਕਰਦਿਆਂ ਇੱਕ ਇਨੋਵਾ ਕਾਰ ਸਮੇਤ ਮੁਲਜ਼ਮ ਜਗਜੀਤ ਸਿੰਘ ਅਤੇ ਉਸ ਦੀ ਮਾਂ ਰਣਜੀਤ ਕੌਰ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ ਇੱਕ ਨਵਜਾਤ ਬੱਚਾ ਬਰਾਮਦ ਕੀਤਾ।

ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਕਿ ਇਹ ਮਾਂ-ਪੁੱਤਰ ਅਮਰਜੀਤ ਕੌਰ, ਰੀਨਾ, ਕੁਲਵਿੰਦਰ ਕੌਰ ਉਰਫ ਮਨੀ, ਗਗਨਦੀਪ ਕੌਰ, ਮਨਪ੍ਰੀਤ ਕੌਰ, ਸ਼ਮਸ਼ੇਰ ਸਿੰਘ ਅਤੇ ਆਸ਼ਾ ਵਰਕਰ ਰਜਨੀ ਸਮੇਤ ਹੋਰ ਸਾਥੀਆਂ ਨਾਲ ਮਿਲ ਕੇ ਇਹ ਗੈਰ-ਕਾਨੂੰਨੀ ਕੰਮ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਇਹ ਬੱਚਾ ਮੋਗਾ ਦੇ ਬਲਜੀਤ ਸਿੰਘ ਤੋਂ 4,10,000 ਰੁਪਏ ਵਿੱਚ ਖਰੀਦਿਆ ਗਿਆ ਸੀ।

ਇਸ ਖੁਲਾਸੇ ਤੋਂ ਬਾਅਦ, ਪੁਲਿਸ ਨੇ ਤੁਰੰਤ ਛਾਪੇਮਾਰੀ ਕਰਕੇ ਗਿਰੋਹ ਦੇ ਛੇ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਇਸ ਗਿਰੋਹ ਦੇ ਦੋ ਮੁਲਜ਼ਮ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਯਤਨ ਕਰ ਰਹੀ ਹੈ।

ਪੁਲਿਸ ਵੱਲੋਂ ਇਸ ਨਵਜਾਤ ਬੱਚੇ ਦੀ ਤਸਕਰੀ ਦੇ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਜਾਰੀ ਹੈ। ਪੁਲਿਸ ਨੂੰ ਉਮੀਦ ਹੈ ਕਿ ਜਾਂਚ ਦੌਰਾਨ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਅਤੇ ਹੋਰ ਗੈਰ-ਕਾਨੂੰਨੀ ਖੁਲਾਸਿਆਂ ਦੀ ਸੰਭਾਵਨਾ ਹੈ।