ਸਾਡੇ ਸਰਾਵਾਂ ਦੇ ਰਿਕਾਰਡ ਚ ਹੋਈ ਛੇੜਛਾੜ : SGPC ਪ੍ਰਧਾਨ ਧਾਮੀ ਦਾ ਵੱਡਾ ਬਿਆਨ

ਅੰਮ੍ਰਿਤਸਰ: ਬਹਿਰੀਨ ਵਾਲੀ ਬੀਬੀ ਵਾਲੇ ਮਾਮਲੇ ਵਿੱਚ ਸਗਪਕ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ । SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮੁਢਲੀ ਜਾਂਚ ਦੌਰਾਨ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਦੇ ਰਿਕਾਰਡ ਵਿੱਚ ਕਥਿਤ ਤੌਰ ’ਤੇ ਹੇਰਾਫੇਰੀ ਕੀਤੇ ਜਾਣ ਦੇ ਸਬੂਤ ਮਿਲੇ ਹਨ

ਧਾਮੀ ਮੁਤਾਬਕ ਰਿਕਾਰਡ ਵਿੱਚ ਕੁਝ ਅਜਿਹੀਆਂ ਐਂਟਰੀਆਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਬੰਧਤ ਬੀਬੀ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਲੰਬੇ ਸਮੇਂ ਤੱਕ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਈ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ

ਰਜਿਸਟਰਾਂ ਵਿੱਚ ਦਰਜ ਐਂਟਰੀਆਂ ’ਤੇ ਉੱਠੇ ਸਵਾਲ

SGPC ਪ੍ਰਧਾਨ ਨੇ ਮੀਡੀਆ ਸਾਹਮਣੇ ਸਰਾਵਾਂ ਨਾਲ ਸਬੰਧਤ ਕੁਝ ਰਜਿਸਟਰ ਵੀ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਰਿਕਾਰਡ ਮੁਤਾਬਕ ਸ੍ਰੀ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਵਿੱਚ ਸਬੰਧਤ ਬੀਬੀ ਦੇ ਨਾਮ ’ਤੇ ਕਰੀਬ 7 ਐਂਟਰੀਆਂ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀਆਂ ਸਰਾਵਾਂ ਵਿੱਚ 8 ਐਂਟਰੀਆਂ, ਜਦਕਿ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਨਾਲ ਸਬੰਧਤ 1 ਐਂਟਰੀ ਦਰਜ ਹੈ।

ਧਾਮੀ ਨੇ ਦਾਅਵਾ ਕੀਤਾ ਕਿ ਕੁਝ ਐਂਟਰੀਆਂ ਨਿਰਧਾਰਤ ਤਰੀਕਾਂ ਤੋਂ ਬਾਅਦ ਦਰਜ ਕੀਤੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਸੀਰੀਅਲ ਨੰਬਰਾਂ ਨੂੰ ਵੀ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਐਂਟਰੀਆਂ ਨਾਲ ਸਬੰਧਤ ਕਰਮਚਾਰੀ ਦੀ ਲਿਖਾਈ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ਉਨ੍ਹਾਂ ਮੁਤਾਬਕ ਸ੍ਰੀ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਇੰਚਾਰਜ ਅਮਰੀਕ ਸਿੰਘ ਸਮੇਤ ਕੁਝ ਹੋਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆਈ ਹੈ। ਧਾਮੀ ਨੇ ਕਿਹਾ ਕਿ ਸਬੰਧਤ ਵਿਅਕਤੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਬੀਬੀ ਨੂੰ ਦਿੱਤੀ ਗਈ ਸੀ 1 ਲੱਖ ਰੁਪਏ ਦੀ ਮਦਦ

SGPC ਪ੍ਰਧਾਨ ਨੇ ਦੱਸਿਆ ਕਿ ਬਹਿਰੀਨ ਵਾਲੀ ਬੀਬੀ ਵੱਲੋਂ ਸਿਹਤ ਸਬੰਧੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਕੋਲ ਅਰਜ਼ੀ ਦਿੱਤੀ ਗਈ ਸੀ। ਉਨ੍ਹਾਂ ਮੁਤਾਬਕ ਅੰਤਰਿੰਗ ਕਮੇਟੀ ਵੱਲੋਂ ਅਰਜ਼ੀ ਮਨਜ਼ੂਰ ਕੀਤੇ ਜਾਣ ਤੋਂ ਬਾਅਦ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ।

ਧਾਮੀ ਨੇ ਇਹ ਵੀ ਦੱਸਿਆ ਕਿ ਅਰਜ਼ੀ ਦੇ ਨਾਲ ਕੁਝ ਮੈਡੀਕਲ ਦਸਤਾਵੇਜ਼ ਲਗਾਏ ਗਏ ਸਨ, ਜਿਨ੍ਹਾਂ ਵਿੱਚ ਮਾਨਸਿਕ ਸਿਹਤ ਨਾਲ ਸਬੰਧਤ ਬਿਮਾਰੀ ਦਾ ਜ਼ਿਕਰ ਹੋਣ ਦੀ ਗੱਲ ਉਨ੍ਹਾਂ ਵੱਲੋਂ ਕਹੀ ਗਈ ਹੈ।

VIP ਟਰੀਟਮੈਂਟ ਦੇ ਦੋਸ਼ਾਂ ’ਤੇ ਧਾਮੀ ਦਾ ਜਵਾਬ

ਐਡਵੋਕੇਟ ਧਾਮੀ ਨੇ ਕਿਹਾ ਕਿ SGPC ਦੇ ਰਿਕਾਰਡ ਵਿੱਚ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ, ਜਿਸ ਤੋਂ ਇਹ ਸਾਬਤ ਹੋਵੇ ਕਿ ਸਬੰਧਤ ਬੀਬੀ ਨੂੰ ਸੰਸਥਾ ਵੱਲੋਂ ਵਾਹਨ, ਡਰਾਈਵਰ ਜਾਂ ਕਿਸੇ ਹੋਰ ਤਰ੍ਹਾਂ ਦੀ VIP ਸਹੂਲਤ ਦਿੱਤੀ ਗਈ ਹੋਵੇ।

ਮੁੜ CBI ਜਾਂਚ ਦੀ ਮੰਗ

SGPC ਪ੍ਰਧਾਨ ਨੇ ਇਸ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਮੁੜ ਦੁਹਰਾਇਆ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਪੁਲੀਸ ਜਾਂਚ ’ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਮਾਮਲੇ ਨੂੰ ਸੋਸ਼ਲ ਮੀਡੀਆ ਟਰਾਇਲ ਦਾ ਰੂਪ ਦਿੱਤਾ ਜਾ ਰਿਹਾ ਹੈ।

ਧਾਮੀ ਨੇ ਦੋਸ਼ ਲਾਇਆ ਕਿ ਸਿੱਖ ਸੰਸਥਾ SGPC ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਸ ਪਿੱਛੇ ਸਿਆਸੀ ਮਕਸਦ ਹੋਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਖ਼ਿਲਾਫ਼ ਲਗਾਏ ਗਏ ਕਿਸੇ ਦੋਸ਼ ਨੂੰ ਸਾਬਤ ਕੀਤਾ ਜਾਂਦਾ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਹਨ।

‘ਅੰਦਰੂਨੀ ਜਾਂਚ ਦਾ ਮਕਸਦ ਸਿਰਫ਼ ਵਿਭਾਗੀ ਪੱਧਰ ’ਤੇ ਜਾਂਚ’

ਧਾਮੀ ਨੇ ਸਪੱਸ਼ਟ ਕੀਤਾ ਕਿ SGPC ਵੱਲੋਂ ਬਣਾਈ ਗਈ ਜਾਂਚ ਕਮੇਟੀ ਦਾ ਮੁੱਖ ਉਦੇਸ਼ ਸੰਸਥਾ ਦੇ ਅੰਦਰੂਨੀ ਪ੍ਰਬੰਧ ਅਤੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕਰਨਾ ਹੈ। ਉਨ੍ਹਾਂ ਕਿਹਾ ਕਿ ਬੀਬੀ ਇੱਥੇ ਕਿਉਂ ਆਈ, ਉਸ ਨੂੰ ਕੌਣ ਲੈ ਕੇ ਆਇਆ ਅਤੇ ਇਸ ਪਿੱਛੇ ਕੀ ਮਕਸਦ ਸੀ—ਇਹ ਇਸ ਅੰਦਰੂਨੀ ਜਾਂਚ ਕਮੇਟੀ ਦੇ ਦਾਇਰੇ ਦਾ ਹਿੱਸਾ ਨਹੀਂ ਹੈ।

ਪਹਿਲਾਂ ਵੀ ਹੋ ਚੁੱਕੀ ਹੈ ਕਾਰਵਾਈ

ਇਸ ਮਾਮਲੇ ਵਿੱਚ SGPC ਵੱਲੋਂ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਗਿਆਨੀ ਮਲਕੀਤ ਸਿੰਘ ਨੂੰ ਸੇਵਾਵਾਂ ਤੋਂ ਫ਼ਾਰਗ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਇਸ ਤੋਂ ਪਹਿਲਾਂ ਗਿਆਨੀ ਮਲਕੀਤ ਸਿੰਘ ਅਤੇ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਇੱਕ ਡਰਾਈਵਰ ਨੂੰ ਮੁਅੱਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਦਿੱਤਾ ਗਿਆ ਅਸਤੀਫ਼ਾ ਵੀ ਪ੍ਰਵਾਨ ਕੀਤਾ ਜਾ ਚੁੱਕਾ