ਧੂਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਲਕਾ ਧੂਰੀ ਦੇ ਪਿੰਡ ਬਰੜਵਾਲ ਸਥਿਤ ਦੇਸ਼ ਭਗਤ ਕਾਲਜ ਵਿਖੇ ਕਰਵਾਏ ਗਏ ਖੇਤਰੀ ਯੂਥ ਫੈਸਟੀਵਲ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਕਲਾਤਮਕ ਪੇਸ਼ਕਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਆਪਣੀ ਫੇਰੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨੌਜਵਾਨਾਂ ਦਾ ਜੋਸ਼ ਅਤੇ ਉਨ੍ਹਾਂ ਦੀ ਪ੍ਰਤਿਭਾ ਦੇਖ ਕੇ ਉਨ੍ਹਾਂ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਸਫ਼ਰ ਦੀ ਸ਼ੁਰੂਆਤ ਵੀ ਅਜਿਹੇ ਹੀ ਮੰਚਾਂ ਤੋਂ ਹੋਈ ਸੀ।
ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੀ ਸਭ ਤੋਂ ਵੱਡੀ ਜਿੱਤ: CM ਮਾਨ
ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੂਥ ਫੈਸਟੀਵਲ ਵਰਗੇ ਮੰਚ ਵਿਦਿਆਰਥੀਆਂ ਨੂੰ ਆਪਣੀ ਕਲਾ ਅਤੇ ਹੁਨਰ ਦਿਖਾਉਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਮੁਕਾਬਲਿਆਂ ਵਿੱਚ ਹਿੱਸਾ ਲੈਣ ਨੂੰ ਹੀ ਇੱਕ ਵੱਡੀ ਪ੍ਰਾਪਤੀ ਸਮਝਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਅਨੁਸਾਰ, ਜਿੱਤ ਹਾਸਲ ਕਰਨ ਵਾਲਿਆਂ ਨੂੰ ਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ, ਜਦਕਿ ਜਿੱਤ ਨਾ ਸਕਣ ਵਾਲਿਆਂ ਨੂੰ ਨਿਰਾਸ਼ ਹੋਣ ਦੀ ਬਜਾਏ ਹੋਰ ਮਿਹਨਤ ਕਰਨੀ ਚਾਹੀਦੀ ਹੈ। ਲਗਾਤਾਰ ਕੋਸ਼ਿਸ਼ ਅਤੇ ਆਤਮ-ਵਿਸ਼ਵਾਸ ਨਾਲ ਹੀ ਨੌਜਵਾਨ ਆਪਣੇ ਟੀਚਿਆਂ ਤੱਕ ਪਹੁੰਚ ਸਕਦੇ ਹਨ।
70 ਹਜ਼ਾਰ ਤੋਂ ਵੱਧ ਨੌਕਰੀਆਂ ਦੇਣ ਦਾ ਕੀਤਾ ਦਾਅਵਾ
ਇਸ ਮੌਕੇ CM ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੀਤੇ ਜਾ ਰਹੇ ਯਤਨਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਹੁਣ ਤੱਕ 70 ਹਜ਼ਾਰ ਤੋਂ ਵੱਧ ਨੌਕਰੀਆਂ ਬਿਨਾਂ ਸਿਫ਼ਾਰਸ਼ ਅਤੇ ਰਿਸ਼ਵਤ ਦੇ ਦਿੱਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ, ਯੋਗਤਾ ਅਤੇ ਮਿਹਨਤ ’ਤੇ ਧਿਆਨ ਕੇਂਦਰਿਤ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਨਾਲ ਖੜ੍ਹੀ ਹੈ

