ਦੁਬਈ ਵਿੱਚ ਅਮਰੀਕੀ ਦੂਤਾਵਾਸ ਨੇੜੇ ਇਰਾਨ ਦਾ ਡਰੋਨ ਹਮਲਾ

UAE : ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਵਿਚਕਾਰ, ਮੰਗਲਵਾਰ ਦੇਰ ਰਾਤ ਦੁਬਈ ਵਿੱਚ ਅਮਰੀਕੀ ਕੌਂਸਲੇਟ (US Consulate) ਦੇ ਨੇੜੇ ਇੱਕ ਡਰੋਨ ਹਮਲਾ ਹੋਇਆ। ਇਸ ਹਮਲੇ ਕਾਰਨ ਇਮਾਰਤ ਦੇ ਪਾਰਕਿੰਗ ਖੇਤਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਅਸਮਾਨ ਵਿੱਚ ਕਾਲੇ ਧੂੰਏਂ ਦੇ ਬੱਦਲ ਛਾ ਗਏ।

ਕੋਈ ਜਾਨੀ ਨੁਕਸਾਨ ਨਹੀਂ: ਅਮਰੀਕੀ ਵਿਦੇਸ਼ ਮੰਤਰੀ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ:

“ਬਦਕਿਸਮਤੀ ਨਾਲ ਇੱਕ ਡਰੋਨ ਦੂਤਾਵਾਸ ਦੀ ਇਮਾਰਤ ਦੇ ਨਾਲ ਲੱਗਦੀ ਪਾਰਕਿੰਗ ਵਿੱਚ ਆ ਕੇ ਡਿੱਗਿਆ, ਜਿਸ ਤੋਂ ਬਾਅਦ ਉੱਥੇ ਅੱਗ ਲੱਗ ਗਈ। ਰਾਹਤ ਦੀ ਗੱਲ ਇਹ ਹੈ ਕਿ ਸਾਡਾ ਸਾਰਾ ਸਟਾਫ ਸੁਰੱਖਿਅਤ ਹੈ ਅਤੇ ਸਾਰੇ ਕਰਮਚਾਰੀਆਂ ਦੀ ਗਿਣਤੀ ਪੂਰੀ ਹੈ।”

ਦੁਬਈ ਪ੍ਰਸ਼ਾਸਨ ਦੀ ਤੁਰੰਤ ਕਾਰਵਾਈ
ਦੁਬਈ ਮੀਡੀਆ ਦਫਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਹੈ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਚਸ਼ਮਦੀਦਾਂ ਅਨੁਸਾਰ ਉਨ੍ਹਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ

ਹਮਲਿਆਂ ਦਾ ਸਿਲਸਿਲਾ ਜਾਰੀ
ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਖੇਤਰ ਵਿੱਚ ਅਮਰੀਕੀ ਡਿਪਲੋਮੈਟਿਕ ਮਿਸ਼ਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਇਹ ਤੀਜਾ ਵੱਡਾ ਹਮਲਾ ਹੈ:

ਸੋਮਵਾਰ: ਕੁਵੈਤ ਵਿੱਚ ਅਮਰੀਕੀ ਦੂਤਾਵਾਸ ‘ਤੇ ਹਮਲਾ ਹੋਇਆ।

ਮੰਗਲਵਾਰ ਸਵੇਰੇ: ਰਿਆਦ (ਸਾਊਦੀ ਅਰਬ) ਵਿੱਚ ਅਮਰੀਕੀ ਦੂਤਾਵਾਸ ‘ਤੇ ਦੋ ਡਰੋਨਾਂ ਨਾਲ ਹਮਲਾ ਕੀਤਾ ਗਿਆ।

ਮੰਗਲਵਾਰ ਰਾਤ: ਦੁਬਈ ਕੌਂਸਲੇਟ ਨੂੰ ਨਿਸ਼ਾਨਾ ਬਣਾਇਆ ਗਿਆ।

ਖੇਤਰੀ ਤਣਾਅ ਸਿਖਰਾਂ ‘ਤੇ
ਇਹ ਹਮਲੇ ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਵਰਗੀ ਸਥਿਤੀ ਦਾ ਹਿੱਸਾ ਮੰਨੇ ਜਾ ਰਹੇ ਹਨ। ਈਰਾਨ ਵੱਲੋਂ ਲਗਾਤਾਰ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਹਨ। ਦੂਜੇ ਪਾਸੇ, ਈਰਾਨੀ ਮੀਡੀਆ ਮੁਤਾਬਕ ਅਯਾਤੁੱਲਾ ਅਲੀ ਖ਼ਮੇਨੇਈ ਦੇ ਪੁੱਤਰ ਮੁਜਤਬਾ ਖ਼ਮੇਨੇਈ ਨੂੰ ਈਰਾਨ ਦਾ ਨਵਾਂ ਸਰਵਉੱਚ ਆਗੂ ਚੁਣ ਲਿਆ ਗਿਆ ਹੈ