ਕੈਨੇਡਾ ‘ਚ ਭਿਆਨਕ ਹਾਦਸਾ: ਅੱਗ ਲੱਗਣ ਕਾਰਨ ਪੰਜਾਬੀ ਬਜ਼ੁਰਗ ਜੋੜੇ ਦੀ ਮੌਤ

ਕੈਨੇਡਾ ਦੇ ਸ਼ਹਿਰ ਐਡਮਿੰਟਨ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਆਈ ਹੈ, ਜਿੱਥੇ ਇੱਕ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪੰਜਾਬ ਦੇ ਜਗਰਾਓਂ ਇਲਾਕੇ ਦੇ ਪਿੰਡ ਆਲੀਵਾਲ ਦੇ ਰਹਿਣ ਵਾਲੇ ਇੱਕ ਬਜ਼ੁਰਗ ਪਤੀ-ਪਤਨੀ ਦੀ ਜਾਨ ਚਲੀ ਗਈ। ਮ੍ਰਿਤਕਾਂ ਦੀ ਪਛਾਣ 82 ਸਾਲਾ ਮੇਜਰ ਸਿੰਘ ਅਤੇ ਉਨ੍ਹਾਂ ਦੀ 80 ਸਾਲਾ ਪਤਨੀ ਸੁਰਿੰਦਰ ਕੌਰ ਵਜੋਂ ਹੋਈ ਹੈ।

ਮੁਢਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਇਮਾਰਤ ਦੇ ਬਾਹਰ ਖੜ੍ਹੀ ਇੱਕ ਕਾਰ ਵਿੱਚ ਗੈਸ ਲੀਕ ਹੋਣ ਕਾਰਨ ਵਾਪਰਿਆ। ਕਾਰ ਨੂੰ ਲੱਗੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਉਸਨੇ ਪੂਰੀ ਤਿੰਨ ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਮਾਰਤ ਅੰਦਰ ਧੂੰਆਂ ਅਤੇ ਅੱਗ ਵਧਣ ਕਰਕੇ ਬਜ਼ੁਰਗ ਜੋੜਾ ਬਾਹਰ ਨਿਕਲਣ ਵਿੱਚ ਅਸਮਰੱਥ ਰਿਹਾ।

ਖ਼ੁਦ ਨੂੰ ਅੱਗ ਤੋਂ ਬਚਾਉਣ ਲਈ ਮੇਜਰ ਸਿੰਘ ਨੇ ਤੀਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ, ਪਰ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ, ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਬਚਾਅ ਟੀਮਾਂ ਵੱਲੋਂ ਇਮਾਰਤ ਦੇ ਅੰਦਰ ਲਗਾਤਾਰ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।