ਉੱਤਰ ਪ੍ਰਦੇਸ਼ ਦੇ ਵਾਰਾਣਸੀ ਸਥਿਤ ਉਦੈ ਪ੍ਰਤਾਪ (UP) ਕਾਲਜ ਵਿੱਚ ਅੱਜ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਕੈਂਪਸ ਦੇ ਅੰਦਰ ਚੱਲਦੀ ਮੀਟਿੰਗ ਦੌਰਾਨ ਗੋਲੀਬਾਰੀ ਹੋ ਗਈ। ਇਸ ਹਿੰਸਕ ਘਟਨਾ ਵਿੱਚ ਇੱਕ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।
ਇਹ ਵਾਰਦਾਤ ਕਾਲਜ ਦੇ ਫੈਕਲਟੀ ਆਫ਼ ਆਰਟਸ ਵਿਭਾਗ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਹੋਈ, ਉਸ ਵੇਲੇ ਪ੍ਰਿੰਸੀਪਲ ਵੀ ਉੱਥੇ ਮੌਜੂਦ ਸਨ। ਹਮਲਾਵਰ ਦੀ ਪਛਾਣ ਮਨਜੀਤ ਨਾਮ ਦੇ ਵਿਦਿਆਰਥੀ ਵਜੋਂ ਹੋਈ ਹੈ, ਜਿਸ ਨੇ ਸੂਰਿਆ ਸਿੰਘ ਨਾਮ ਦੇ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮ ਨੇ ਆਪਣਾ ਹਥਿਆਰ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਸੂਰਿਆ ਸਿੰਘ ਨੂੰ ਤੁਰੰਤ BHU ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਕਾਲਜ ਕੈਂਪਸ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਚੁੱਕਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਵਿਦਿਆਰਥੀ ਦੀ ਭਾਲ ਜਾਰੀ ਹੈ। ਫਿਲਹਾਲ ਗੋਲੀ ਚਲਾਉਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
