ਨਵੀਂ ਦਿੱਲੀ: ਭਾਰਤ ਦੀ ਯਾਤਰਾ ‘ਤੇ ਆਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਭਾਰਤੀ ਵਿਦਿਆਰਥੀਆਂ ਲਈ ਇੱਕ ਵੱਡੀ ਖ਼ੁਸ਼ਖਬਰੀ ਸਾਂਝੀ ਕੀਤੀ ਹੈ। ਨਵੀਂ ਦਿੱਲੀ ਸਥਿਤ ਏਮਜ਼ (AIIMS) ਵਿਖੇ ਆਪਣੇ ਸੰਬੋਧਨ ਦੌਰਾਨ ਮੈਕਰੋਨ ਨੇ ਐਲਾਨ ਕੀਤਾ ਕਿ ਫਰਾਂਸ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਮੌਜੂਦਾ 10,000 ਤੋਂ ਵਧਾ ਕੇ 30,000 ਸਾਲਾਨਾ ਕਰਨ ਦਾ ਟੀਚਾ ਰੱਖ ਰਿਹਾ ਹੈ।
ਵੀਜ਼ਾ ਅਤੇ ਦਾਖ਼ਲਾ ਪ੍ਰਕਿਰਿਆ ਹੋਵੇਗੀ ਸੌਖੀ
ਰਾਸ਼ਟਰਪਤੀ ਮੈਕਰੋਨ ਨੇ ਭਰੋਸਾ ਦਿੱਤਾ ਕਿ ਫਰਾਂਸ ਵਿੱਚ ਪੜ੍ਹਾਈ ਨੂੰ ਹੋਰ ਪਹੁੰਚਯੋਗ ਬਣਾਉਣ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇਗੀ ਅਤੇ ਦਾਖ਼ਲਾ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ:
“ਅਸੀਂ ਚਾਹੁੰਦੇ ਹਾਂ ਕਿ ਵਧੇਰੇ ਭਾਰਤੀ ਵਿਦਿਆਰਥੀ ਫਰਾਂਸ ਆਉਣ ਅਤੇ ਵਧੇਰੇ ਫਰਾਂਸੀਸੀ ਵਿਦਿਆਰਥੀ ਭਾਰਤ ਆਉਣ।”
ਅੰਗਰੇਜ਼ੀ ਭਾਸ਼ਾ ਵਿੱਚ ਵਧੇਰੇ ਕੋਰਸ
ਭਾਸ਼ਾ ਦੀ ਰੁਕਾਵਟ ਨੂੰ ਦੂਰ ਕਰਨ ਲਈ, ਫਰਾਂਸ ਦੀਆਂ ਯੂਨੀਵਰਸਿਟੀਆਂ ਹੁਣ ਅੰਗਰੇਜ਼ੀ ਮਾਧਿਅਮ ਵਿੱਚ ਵਧੇਰੇ ਕੋਰਸ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਖਾਸ ਤੌਰ ‘ਤੇ ਬਿਜ਼ਨਸ, ਇੰਜੀਨੀਅਰਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ (AI), ਡਾਟਾ ਸਾਇੰਸ ਅਤੇ ਸਸਟੇਨੇਬਿਲਟੀ ਵਰਗੇ ਵਿਸ਼ਿਆਂ ਵਿੱਚ ਮਾਸਟਰਜ਼ ਪ੍ਰੋਗਰਾਮਾਂ ਦੀ ਗਿਣਤੀ ਵਧਾਈ ਜਾਵੇਗੀ।
ਪੜ੍ਹਾਈ ਤੋਂ ਬਾਅਦ ਕੰਮ ਦੇ ਮੌਕੇ
ਵਿੱਦਿਅਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਇੰਟਰਨਸ਼ਿਪ ਅਤੇ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਵਿਕਲਪਾਂ (Post-Study Work Options) ‘ਤੇ ਵੀ ਚਰਚਾ ਹੋਈ ਹੈ। ਫਰਾਂਸ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀ ਨੌਕਰੀ ਲੱਭਣ ਲਈ ਅਸਥਾਈ ਰਿਹਾਇਸ਼ੀ ਪਰਮਿਟ (Temporary Residence Permit) ਲਈ ਅਪਲਾਈ ਕਰ ਸਕਦੇ ਹਨ
ਅਮਰੀਕਾ ਤੇ ਬ੍ਰਿਟੇਨ ਦੇ ਮੁਕਾਬਲੇ ਸਸਤਾ ਵਿਕਲਪ
ਫਰਾਂਸ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚ ਟਿਊਸ਼ਨ ਫੀਸ ਅਮਰੀਕਾ ਅਤੇ ਬ੍ਰਿਟੇਨ ਦੇ ਮੁਕਾਬਲੇ ਕਾਫੀ ਘੱਟ ਹੈ। ਸੌਖੇ ਵੀਜ਼ਾ ਨਿਯਮਾਂ ਅਤੇ ਅੰਗਰੇਜ਼ੀ ਕੋਰਸਾਂ ਦੇ ਵਾਧੇ ਨਾਲ ਹੁਣ ਫਰਾਂਸ, ਭਾਰਤੀ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਦਾ ਇੱਕ ਮਜ਼ਬੂਤ ਅਤੇ ਕਿਫਾਇਤੀ ਕੇਂਦਰ ਬਣ ਕੇ ਉੱਭਰ ਰਿਹਾ ਹੈ

