ਗਿੱਪੀ ਗਰੇਵਾਲ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ, ਆਡੀਓ VIRAL

ਮੋਹਾਲੀ: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਪਰ ਇਸ ਵਾਰ ਕਾਰਨ ਕੋਈ ਫਿਲਮ ਨਹੀਂ ਬਲਕਿ ਉਨ੍ਹਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਰਿਕਾਰਡਿੰਗ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਗਿੱਪੀ ਗਰੇਵਾਲ ਨੂੰ ਧਮਕਾਇਆ ਜਾ ਰਿਹਾ ਹੈ

“ਗੋਲੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕੋਗੇ”
ਵਾਇਰਲ ਹੋਈ ਇਸ ਆਡੀਓ ਵਿੱਚ ਧਮਕੀ ਦੇਣ ਵਾਲਾ ਵਿਅਕਤੀ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਰਿਹਾ ਹੈ। ਉਹ ਕਹਿ ਰਿਹਾ ਹੈ:

“ਮੇਰੇ ਮੈਸੇਜ ਨੂੰ ਇਗਨੋਰ ਨਾ ਕਰ, ਨਹੀਂ ਤਾਂ ਨਤੀਜਾ ਮਾੜਾ ਹੋਵੇਗਾ। ਤੂੰ ਮੈਸੇਜ ਤਾਂ ਨਜ਼ਰਅੰਦਾਜ਼ ਕਰ ਸਕਦਾ ਹੈਂ, ਪਰ ਜਦੋਂ ਗੋਲੀਆਂ ਚੱਲਣਗੀਆਂ, ਫਿਰ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕੇਂਗਾ। ਕਿਤੇ ਅਜਿਹਾ ਨਾ ਹੋਵੇ ਕਿ ਸਾਨੂੰ ਤੇਰੀ ਮੋਹਾਲੀ ਵਿੱਚ ਹੀ ‘ਫਿਲਮ’ ਬਣਾਉਣੀ ਪਵੇ।”

ਸੁਖਬੀਰ ਸਿੰਘ ਬਾਦਲ ਨੇ ਚੁੱਕੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਆਡੀਓ ਨੂੰ ਆਪਣੇ ਸੋਸ਼ਲ ਮੀਡੀਆ (X) ਖਾਤੇ ‘ਤੇ ਸਾਂਝਾ ਕਰਦਿਆਂ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਕਲਾਕਾਰਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਪਹਿਲਾਂ ਵੀ ਹੋ ਚੁੱਕਾ ਹੈ ਹਮਲਾ
ਗਿੱਪੀ ਗਰੇਵਾਲ ਲਈ ਇਹ ਧਮਕੀ ਕੋਈ ਪਹਿਲੀ ਘਟਨਾ ਨਹੀਂ ਹੈ

ਨਵੰਬਰ 2023: ਕੈਨੇਡਾ ਦੇ ਵੈਨਕੂਵਰ (ਵ੍ਹਾਈਟ ਰੌਕ) ਵਿੱਚ ਸਥਿਤ ਉਨ੍ਹਾਂ ਦੇ ਘਰ ‘ਤੇ ਗੋਲੀਬਾਰੀ ਹੋਈ ਸੀ

ਜ਼ਿੰਮੇਵਾਰੀ: ਉਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ
ਗਿੱਪੀ ਦੀ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਲਗਾਤਾਰ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ

ਪੁਲਿਸ ਦੀ ਕਾਰਵਾਈ
ਇਸ ਮਾਮਲੇ ਬਾਰੇ ਮੋਹਾਲੀ ਦੇ ਡੀਐਸਪੀ ਨੇ ਦੱਸਿਆ ਕਿ ਪੁਲਿਸ ਕੋਲ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਸ਼ਿਕਾਇਤ ਮਿਲਦੀ ਹੈ, ਤਾਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।