ਸੁੱਖਾ ਕਾਹਲਵਾਂ ਦੇ ਜਿਗਰੀ ਯਾਰ ਗੋਪੀ ਨਿੱਜਰ ਦਾ ਕੀਤਾ ਕਤਲ

ਕਪੂਰਥਲਾ ਜ਼ਿਲ੍ਹੇ ਦੇ ਢਿਲਵਾਂ ਇਲਾਕੇ ਵਿੱਚ ਅੱਜ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਜੀ.ਟੀ. ਰੋਡ ‘ਤੇ ਏਵਨ ਪੈਲੇਸ ਨੇੜੇ ਕਾਰ ‘ਚ ਬੈਠੇ ਇੱਕ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਇੰਨੀ ਤੇਜ਼ੀ ਨਾਲ ਹੋਈ ਕਿ ਨੌਜਵਾਨ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ, ਵਾਸੀ ਪਿੰਡ ਜੈਰਾਮਪੁਰ (ਥਾਣਾ ਸੁਭਾਨਪੁਰ) ਵਜੋਂ ਹੋਈ ਹੈ। ਗੋਪੀ ਦਾ ਨਾਂ ਬਦਨਾਮ ਗੈਂਗਸਟਰ ਸੁੱਖਾ ਕਾਹਲਵਾਂ ਕਤਲਕਾਂਡ ਨਾਲ ਜੁੜਿਆ ਰਿਹਾ ਹੈ ਅਤੇ ਉਹ ਇਸ ਕੇਸ ਵਿੱਚ ਆਖਰੀ ਜਿਉਂਦਾ ਗਵਾਹ ਮੰਨਿਆ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬਾਕੀ ਗਵਾਹ ਪਹਿਲਾਂ ਹੀ ਆਪਣੇ ਬਿਆਨਾਂ ਤੋਂ ਮੁੱਕਰ ਚੁੱਕੇ ਸਨ, ਪਰ ਗੋਪੀ ਆਪਣੇ ਬਿਆਨ ‘ਤੇ ਕਾਇਮ ਸੀ।

ਮੁੱਢਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਆਪਣੀ ਕਾਰ ਦੀ ਡਰਾਈਵਰ ਸੀਟ ‘ਤੇ ਬੈਠਾ ਹੋਇਆ ਸੀ, ਉਦੋਂ ਹੀ ਹਮਲਾਵਰ ਉੱਥੇ ਪਹੁੰਚੇ ਅਤੇ ਸਾਹਮਣੇ ਤੋਂ ਗੱਡੀ ਦੇ ਸ਼ੀਸ਼ੇ ਰਾਹੀਂ ਗੋਲੀਆਂ ਚਲਾ ਦਿੱਤੀਆਂ। ਗੋਲੀ ਸਿੱਧੀ ਉਸ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਦਹਿਸ਼ਤ ‘ਚ ਆ ਗਏ।

ਇਸ ਵਾਰਦਾਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲੇ ਦੀ ਪੁਸ਼ਟੀ ਹੁੰਦੀ ਦਿਖਾਈ ਦੇ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਢਿਲਵਾਂ ਦੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ (ਮੁਰਦਾਘਰ) ‘ਚ ਭੇਜ ਦਿੱਤਾ ਹੈ। ਮੁੱਢਲੀ ਜਾਂਚ ਦੇ ਆਧਾਰ ‘ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਸ਼ੱਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।