ਸੰਗਤਾਂ ਵਿੱਚ ਖੁਸ਼ੀਆਂ ਦੀ ਲਹਿਰ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ ਪੁੱਜਿਆ ਪਾਕਿਸਤਾਨ

ਨਨਕਾਣਾ ਸਾਹਿਬ: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ 6 ਨਵੰਬਰ ਨੂੰ ਪਾਕਿਸਤਾਨ ਵਿਖੇ ਪੁੱਜਿਆ। ਪਾਕਿਸਤਾਨੀ ਪੁਲਿਸ ਅਫਸਰਾਂ ਨੇ ਜੱਥੇ ਦਾ ਫੁੱਲਾਂ ਦੇ ਹਾਰ ਨਾਲ ਸੁਆਗਤ ਕੀਤਾ। ਹਰ ਸਾਲ ਦੇ ਵਾਂਗ, ਇਸ ਸਾਲ ਵੀ ਕੁਝ ਭਾਰਤੀ ਸਿੱਖਾਂ ਦਾ ਜੱਥਾ ਪਾਕਿਸਤਾਨ ਸਥੀਤ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮਨਾਏਗਾ। ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਪਹੁੰਚੇ ਭਾਰਤੀ ਸਿੱਖ ਜੱਥੇ ਦੇ ਮੈਂਬਰਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

ਵੀਡੀਓ ਸਾਂਝਾ ਕਰਦੇ ਹੋਏ, ਰਵਿੰਦਰ ਸਿੰਘ ਰੌਬਿਨ ਨੇ ਟਵੀਟ ਕੀਤਾ, “ਭਾਰਤੀ ਸਿੱਖ ਜੱਥੇ ਦੇ ਮੈਂਬਰ ਸ੍ਰੀ ਗੁਰੂ ਨਾਨਕ ਦੇਵ ਜੀ (ਸਿੱਖਾਂ ਦੇ ਪਹਿਲੇ ਅਧਿਆਤਮਕ ਗੁਰੂ) ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਦੇ ਗੁਰਦੁਆਰਾ #ਨਨਕਾਣਾ ਸਾਹਿਬ ਵਿਖੇ ਪਹੁੰਚ ਰਹੇ ਹਨ। ਅੱਪਡੇਟ ਵੀਡੀਓ ਲਈ ਧੰਨਵਾਦ ਪਿਆਰੇ @BabarJalandhari।”

ਇੱਕ ਹੋਰ ਟਵੀਟ ਕਰਦਿਆਂ, ਪੱਤਰਕਾਰ ਰੌਬਿਨ ਨੇ ਇੱਕ ਵੀਡੀਓ ਸਾਂਝਾ ਕੀਤੀ ਤੇ ਲਿਖਿਆ, “ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਪਾਕਿਸਤਾਨੀਆਂ ਨੇ ਸਿੱਖਾਂ ਦਾ ਫੁੱਲਾਂ ਨਾਲ ਸੁਆਗਤ ਕੀਤਾ । ਸਿੱਖ ਭਾਈਚਾਰੇ ਦੇ ਸੈਂਕੜੇ ਮੈਂਬਰ ਬਾਬੇ ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਦੇ ਨਨਕਾਣਾ ਸਾਹਿਬ ਪਹੁੰਚ ਰਹੇ ਹਨ। ਵੀਡੀਓ ਲਈ ਧੰਨਵਾਦ @imasifmehmood.”

ਨਨਕਾਣਾ ਸਾਹਿਬ ਪਾਕਿਸਤਾਨ ਦੇ ਪੰਜਾਬ ਰਾਜ ਦਾ ਇਕ ਸ਼ਹਿਰ ਹੈ ਜਿੱਥੇ ਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ। ਗੁਰੂ ਜੀ ਦੇ ਨਾਮ ’ਤੇ ਹੀ ਇਸ ਸਥਾਨ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਇੱਥੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।