ਪੰਜਾਬ ਵਿੱਚ ਭਿਆਨਕ ਹਾਦਸਾ: ਸਵਾਰੀਆਂ ਨਾਲ ਭਰੀ ਬੱਸ ਪਲਟੀ, ਮਚੀ ਹਾਹਾਕਾਰ!

ਗੁਰਦਾਸਪੁਰ ਦੇ ਬੱਬਰੀ ਬਾਈਪਾਸ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਤੇਜ਼ ਰਫ਼ਤਾਰ ਨਿੱਜੀ ਬੱਸ ਅਚਾਨਕ ਬੇਕਾਬੂ ਹੋ ਗਈ। ਬੱਸ ਪਹਿਲਾਂ ਸੜਕ ਦੇ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਕੋਲੋਂ ਲੰਘ ਰਹੀ ਇੱਕ ਕਾਰ ਦੇ ਉੱਪਰ ਜਾ ਪਲਟੀ। ਇਸ ਹਾਦਸੇ ਕਾਰਨ ਮੌਕੇ ‘ਤੇ ਹਾਹਾਕਾਰ ਮੱਚ ਗਈ ਅਤੇ ਬੱਸ ਵਿੱਚ ਸਵਾਰ ਕਈ ਮੁਸਾਫਰ ਜ਼ਖ਼ਮੀ ਹੋ ਗਏ।

ਰਾਹਤ ਦੀ ਗੱਲ ਇਹ ਰਹੀ ਕਿ ਇਸ ਖ਼ਤਰਨਾਕ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ। ਕਾਰ ਚਾਲਕ ਨੂੰ ਬੜੀ ਮੁਸ਼ਕਲ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਦਸਾਗ੍ਰਸਤ ਥਾਂ ਦੇ ਨੇੜੇ ਹੀ ਪੁਲਿਸ ਨਾਕਾ ਹੋਣ ਕਾਰਨ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਘਟਨਾ ਤੋਂ ਬਾਅਦ ਹਾਈਵੇਅ ‘ਤੇ ਟ੍ਰੈਫਿਕ ਕਾਫੀ ਪ੍ਰਭਾਵਿਤ ਹੋਇਆ, ਜਿਸ ਨੂੰ ਬਾਅਦ ਵਿੱਚ ਪੁਲਿਸ ਵੱਲੋਂ ਬਹਾਲ ਕਰਵਾਇਆ ਗਿਆ।