ਅਮਰੀਕਾ ’ਚ ਚੋਣਾਂ ਦੌਰਾਨ ਗੈਰ-ਕਾਨੂੰਨੀ ਵੋਟ ਪਾਉਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਗ੍ਰਿਫ਼ਤਾਰ

ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਆਪਣੇ ਆਪ ਨੂੰ ਅਮਰੀਕੀ ਨਾਗਰਿਕ ਦੱਸ ਕੇ ਵੋਟ ਪਾਉਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਮੁਕੇਸ਼ਕੁਮਾਰ ਸੋਮਾਭਾਈ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ, ਇਹ ਕਾਰਵਾਈ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸ) ਦੀ ਜਾਂਚ ਟੀਮ ਵੱਲੋਂ ਕੀਤੀ ਗਈ।

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਚੌਧਰੀ ਨੇ 5 ਨਵੰਬਰ, 2024 ਨੂੰ ਮਿਨੇਸੋਟਾ ਸੂਬੇ ਵਿੱਚ ਹੋਈਆਂ ਚੋਣਾਂ ਦੌਰਾਨ ਵੋਟ ਪਾਉਣ ਲਈ ਇੱਕ ਫਾਰਮ ’ਤੇ ਦਸਤਖ਼ਤ ਕੀਤੇ ਸਨ। ਦੋਸ਼ ਹੈ ਕਿ ਉਸ ਨੇ ਇਸ ਫਾਰਮ ਵਿੱਚ ਆਪਣੇ ਆਪ ਨੂੰ ਅਮਰੀਕੀ ਨਾਗਰਿਕ ਦਰਸਾਇਆ, ਜਦਕਿ ਉਹ ਅਮਰੀਕੀ ਨਾਗਰਿਕ ਨਹੀਂ ਸੀ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੇ ਜਾਣਬੁੱਝ ਕੇ ਗਲਤ ਜਾਣਕਾਰੀ ਦੇ ਕੇ ਵੋਟ ਪਾਈ।

ਇਸ ਮਾਮਲੇ ਵਿੱਚ ਮਿਨੇਸੋਟਾ ਦੀ ਸੰਘੀ ਗ੍ਰੈਂਡ ਜਿਊਰੀ ਨੇ ਚੌਧਰੀ ਵਿਰੁੱਧ ਦੋ ਅਪਰਾਧਿਕ ਦੋਸ਼ ਤੈਅ ਕੀਤੇ ਹਨ। ਇਨ੍ਹਾਂ ਵਿੱਚ ਵੋਟ ਪਾਉਣ ਲਈ ਗਲਤ ਜਾਣਕਾਰੀ ਦੇਣਾ ਅਤੇ ਅਮਰੀਕੀ ਨਾਗਰਿਕਤਾ ਦਾ ਝੂਠਾ ਦਾਅਵਾ ਕਰਨਾ ਸ਼ਾਮਲ ਹੈ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਸਕੱਤਰ ਮਾਰਕਵੇਨ ਮੁਲਿਨ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਤੋਂ ਬਿਨਾਂ ਚੋਣਾਂ ਵਿੱਚ ਵੋਟ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੁਤਾਬਕ, ਅਜਿਹੇ ਮਾਮਲਿਆਂ ਵਿੱਚ ਅਪਰਾਧਿਕ ਮੁਕੱਦਮੇ ਦੇ ਨਾਲ-ਨਾਲ ਦੇਸ਼ ਨਿਕਾਲੇ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਅਧਿਕਾਰੀਆਂ ਅਨੁਸਾਰ, ਜੇਕਰ ਚੌਧਰੀ ਵਿਰੁੱਧ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਹਰੇਕ ਦੋਸ਼ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਹੋ ਸਕਦੀ ਹੈ।

ਫਿਲਹਾਲ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਚੌਧਰੀ ਵਿਰੁੱਧ ਲਾਏ ਗਏ ਦੋਸ਼ ਅਜੇ ਸਾਬਤ ਨਹੀਂ ਹੋਏ ਹਨ।