ਪੰਜਾਬ: ਅੰਜੂ ਵਾਂਗ ਇੱਕ ਹੋਰ ਭਾਰਤੀ ਨਾਗਰਿਕ ਪਾਕਿਸਤਾਨ ਪਹੁੰਚ ਗਿਆ ਹੈ ਪਰ ਇਸ ਵਾਰ ਵਿਆਹ ਕਰਨ ਲਈ ਨਹੀਂ ਸਗੋਂ ਸਤਲੁਜ ਦਰਿਆ ਦੇ ਹੜ੍ਹ ਵਿੱਚ ਰੁੜ੍ਹ ਕੇ। ਮਾਮਲਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਦਾ ਹੈ, ਜਿੱਥੇ ਇੱਕ ਭਾਰਤੀ ਹੜ੍ਹ ਵਿਚ ਰੁੜ ਕੇ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦੇ ਗੰਡਾ ਸਿੰਘ ਵਾਲਾ ਬਾਰਡਰ ‘ਤੇ ਪਹੁੰਚ ਗਿਆ।
ਜਾਣਕਾਰੀ ਮੁਤਾਬਕ, ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ‘ਚ ਫੜਿਆ ਹੈ। ਉਹ ਵਿਅਕਤੀ ਬੋਲ ਅਤੇ ਸੁਣ ਨਹੀਂ ਸਕਦਾ। ਉਸ ਦੇ ਹੱਥ ‘ਤੇ ਓਮ ਦਾ ਨਿਸ਼ਾਨ ਬਣਿਆ ਹੋਇਆ ਹੈ। ਉਸ ਵਿਅਕਤੀ ਨੇ ਇਸ਼ਾਰਿਆਂ ਨਾਲ ਦੱਸਿਆ ਕਿ ਉਹ ਭਾਰਤੀ ਨਾਗਰਿਕ ਹੈ ਅਤੇ ਸਤਲੁਜ ਦਰਿਆ ‘ਚ ਵਹਿ ਕੇ ਪਾਕਿਸਤਾਨ ਆਇਆ ਹੈ। ਪਾਕ ਰੇਂਜਰਾਂ ਨੇ ਈਦੀ ਫਾਊਂਡੇਸ਼ਨ ਕਸੂਰ ਯੂਨਿਟ ਨੂੰ ਸੌਂਪ ਦਿੱਤਾ ਹੈ ਅਤੇ ਉਸ ਦੀ ਫੋਟੋ ਤੇ ਵੀਡੀਓ ਪਛਾਣ ਲਈ ਬੀਐਸਐਫ ਨੂੰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਜਿਉਂਦੇ ਰਹਿਣ ਲਈ ਕੱਪੜੇ ਅਤੇ ਭੋਜਨ ਮੁਹੱਈਆ ਕਰਵਾਇਆ ਗਿਆ ਹੈ।
