ਮਾਸਕੋ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾਵਾਂ ਵਿਚਾਲੇ ਦੁਵੱਲੇ ਸਬੰਧਾਂ, ਆਰਥਿਕ ਸਹਿਯੋਗ ਅਤੇ ਵਿਸ਼ਵ ਪੱਧਰੀ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ
ਜੈਸ਼ੰਕਰ ਦੋ ਦਿਨਾਂ ਰੂਸ ਦੌਰੇ ‘ਤੇ ਮਾਸਕੋ ਪਹੁੰਚੇ ਹਨ। ਮੁਲਾਕਾਤ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸੀ ਰਾਸ਼ਟਰਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦਾ ਨਿੱਜੀ ਸੰਦੇਸ਼ ਵੀ ਪੁਤਿਨ ਨੂੰ ਸੌਂਪਿਆ
ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਆਰਥਿਕ ਸਹਿਯੋਗ ਪਿਛਲੇ ਸਮੇਂ ਦੌਰਾਨ ਕਾਫੀ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਊਰਜਾ, ਖਾਦ, ਪਰਮਾਣੂ ਖੇਤਰ ਅਤੇ ਹੋਰ ਕਈ ਮੈਦਾਨਾਂ ਵਿੱਚ ਸਾਂਝ ਵਧੀ ਹੈ
ਜੈਸ਼ੰਕਰ ਨੇ ਕਿਹਾ, “ਭਾਰਤ-ਰੂਸ ਆਰਥਿਕ ਸਹਿਯੋਗ ਵਿੱਚ ਬਹੁਤ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਦੋਵੇਂ ਦੇਸ਼ਾਂ ਕੋਲ ਅੱਗੇ ਵਧਣ ਲਈ ਮਜ਼ਬੂਤ ਸਹਿਯੋਗ ਦਾ ਖਾਕਾ ਹੈ।”
ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ SCO ਸੰਮੇਲਨ ਦੌਰਾਨ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਦੀ ਉਮੀਦ ਕਰ ਰਹੇ ਹਨ। ਇਸ ਤੋਂ ਇਲਾਵਾ ਪੁਤਿਨ ਦੇ BRICS ਸੰਮੇਲਨ ਲਈ ਭਾਰਤ ਦੌਰੇ ਦੀ ਵੀ ਸੰਭਾਵਨਾ ਹੈ
ਇਸ ਮੁਲਾਕਾਤ ਦੌਰਾਨ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਇਸ ਸਾਲ ਰੂਸ ਅਤੇ ਭਾਰਤ ਵਿਚਾਲੇ ਵਪਾਰ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰੂਸ ਭਾਰਤ ਨੂੰ ਖਾਦਾਂ ਦੀ ਸਪਲਾਈ ਵਧਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸਨੂੰ ਜਾਰੀ ਰੱਖਣ ਲਈ ਤਿਆਰ ਹੈ
ਜੈਸ਼ੰਕਰ ਦਾ ਇਹ ਦੌਰਾ ਰਾਸ਼ਟਰਪਤੀ ਪੁਤਿਨ ਦੇ ਆਉਣ ਵਾਲੇ ਭਾਰਤ ਦੌਰੇ ਤੋਂ ਪਹਿਲਾਂ ਹੋ ਰਿਹਾ ਹੈ, ਜਿੱਥੇ ਉਹ 12-13 ਸਤੰਬਰ ਨੂੰ ਹੋਣ ਵਾਲੇ BRICS ਨੇਤਾਵਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਆ ਸਕਦੇ ਹਨ
ਭਾਰਤ ਅਤੇ ਰੂਸ ਇਸ ਸਮੇਂ ਆਪਣੇ ਆਰਥਿਕ ਸਬੰਧਾਂ ਨੂੰ ਹੋਰ ਡੂੰਘਾ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ
