ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਤੇ ਕੁੱਲੂ-ਮਨਾਲੀ ਜਾਣ ਵਾਲਿਆਂ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਕੀਰਤਪੁਰ ਸਾਹਿਬ ਤੋਂ ਮਨਾਲੀ ਜਾਣ ਵਾਲੇ ਮੁੱਖ ਮਾਰਗ ਨੂੰ ਆਵਾਜਾਈ ਦੇ ਲਈ ਖੋਲ ਦਿੱਤਾ ਗਿਆ ਤੇ ਇਸਦੇ ਨਾਲ ਹੀ ਕੀਰਤਪੁਰ ਸਾਹਿਬ ਤੋਂ ਕੁੱਝ ਦੂਰੀ ‘ਤੇ ਪਿੰਡ ਗਰਾ ਮੋੜਾ ਵਿਖੇ ਇੱਕ ਨਵਾਂ ਟੋਲ ਪਲਾਜਾ ਵੀ ਸ਼ੁਰੂ ਕੀਤਾ ਗਿਆ।
ਟੋਲ ਪਲਾਜ਼ੇ ਦੇ ਸ਼ੁਰੂ ਹੁੰਦਿਆਂ ਹੀ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਟੋਲ ਪਲਾਜ਼ਾ ਵਿਖੇ ਪੁੱਜ ਗਏ ਤੇ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਕਿ ਟੋਲ ਪਲਾਜ਼ੇ ਦੇ ਆਲੇ ਦੁਆਲੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਇਹ ਟੋਲ ਪਲਾਜ਼ਾ ਬਿਲਕੁਲ ਮੁਫਤ ਕੀਤਾ ਜਾਵੇ। ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਇਹ ਪੰਜਾਬ ਅਤੇ ਹਿਮਾਚਲ ਦੇ ਬਾਰਡਰ ਤੇ ਵਸੇ ਹੋਏ ਲੋਕ ਨੇ ਤੇ ਇਹਨਾਂ ਦੀਆਂ ਆਪਸੀ ਰਿਸ਼ਤੇਦਾਰੀਆਂ ਦੋਵੇਂ ਸੂਬਿਆਂ ਦੇ ਵਿੱਚ ਬਾਰਡਰ ਦੇ ਨਜ਼ਦੀਕ ਵਸੇ ਪਿੰਡਾਂ ਵਿੱਚ ਹੈ ਜਿਸਦੇ ਚੱਲਦੇ ਇਹਨਾਂ ਨੂੰ ਬਾਰ-ਬਾਰ ਇਸ ਟੋਲ ਪਲਾਜਾ ਨੂੰ ਲੰਘ ਕੇ ਦੂਜੇ ਪਾਸੇ ਜਾਣਾ ਪੈਂਦਾ ਹੈ। ਇਸ ਲਈ ਇਹਨਾਂ ਨੂੰ ਦਿਨ ਵਿੱਚ ਕਈ ਵਾਰ ਟੋਲ ਦੇਣਾ ਪਵੇਗਾ।
