ਧੀ ਦੇ ਜਨਮਦਿਨ ‘ਤੇ ਕਿਸਮਤ ਚਮਕੀ! ਘਰੇਲੂ ਨੌਕਰ ਨੇ ਗਹਿਣੇ ਗਿਰਵੀ ਰੱਖ ਖ਼ਰੀਦੀ 3 ਕਰੋੜ ਰੁਪਏ ਦੀ ਲਾਟਰੀ

ਲੁਧਿਆਣਾ : ਇੱਕ ਮਿਹਨਤੀ ਘਰੇਲੂ ਨੌਕਰ ਮਹੇਸ਼ਵਰੀ ਸਾਹਨੀ ਲਈ ਉਸ ਦੀ ਧੀ ਦਾ ਜਨਮਦਿਨ ਜੀਵਨ ਬਦਲਣ ਵਾਲਾ ਸਾਬਿਤ ਹੋਇਆ ਹੈ। ਆਰਥਿਕ ਤੰਗੀ ਝੱਲ ਰਹੀ ਮਹੇਸ਼ਵਰੀ ਨੇ ਆਪਣੀ ਧੀ ਦੀ ਖ਼ਾਤਰ ਜੋਖ਼ਮ ਲਿਆ ਅਤੇ ਆਪਣੇ ਕੰਨਾਂ ਦੀਆਂ ਵਾਲੀਆਂ ਗਿਰਵੀ ਰੱਖ ਕੇ ਚਾਰ ਲਾਟਰੀ ਟਿਕਟਾਂ ਖਰੀਦੀਆਂ।

ਮਹੇਸ਼ਵਰੀ ਨੇ 2,000 ਰੁਪਏ ਖਰਚ ਕੇ ਖਰੀਦੀਆਂ ਚਾਰ ਟਿਕਟਾਂ ਵਿੱਚੋਂ ਇੱਕ ‘ਤੇ 3 ਕਰੋੜ ਰੁਪਏ ਦਾ ਬੰਪਰ ਇਨਾਮ ਜਿੱਤਿਆ ਹੈ। ਜਿੱਤ ਦਾ ਐਲਾਨ 12 ਦਿਨਾਂ ਦੇ ਅੰਦਰ ਹੋਇਆ, ਜਿਸ ਨਾਲ ਉਨ੍ਹਾਂ ਦੇ ਪਿੰਡ ਬੰਸੀ (ਜਗਰਾਉਂ) ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਧੀ ਦਾ ਵਿਸ਼ਵਾਸ ਤੇ ਮਾਂ ਦਾ ਪਿਆਰ

ਮਹੇਸ਼ਵਰੀ ਨੇ ਆਪਣੀ ਦੁਖਦਾਈ ਜ਼ਿੰਦਗੀ ਬਾਰੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੱਡਾ ਪੁੱਤਰ ਗੁਆ ਦਿੱਤਾ ਸੀ ਅਤੇ ਬਾਅਦ ਵਿੱਚ ਪਤੀ ਨੂੰ ਤਲਾਕ ਦੇ ਦਿੱਤਾ। ਉਹ ਫਿਲਹਾਲ ਆਪਣੀ ਧੀ ਅਤੇ ਮਾਪਿਆਂ ਨਾਲ ਰਹਿੰਦੀ ਹੈ। ਉਹ ਆਪਣੀ ਧੀ ਦੀ ਸਕੂਲ ਫੀਸ ਭਰਨ ਲਈ ਘਰੇਲੂ ਨੌਕਰ ਵਜੋਂ ਕੰਮ ਕਰਦੀ ਸੀ।

ਮਹੇਸ਼ਵਰੀ ਨੇ ਭਾਵੁਕ ਹੁੰਦਿਆਂ ਦੱਸਿਆ:

“17 ਜਨਵਰੀ ਨੂੰ ਮੇਰੀ ਧੀ ਦਾ ਜਨਮਦਿਨ ਸੀ। ਮੈਂ ਉਸਨੂੰ ਕੋਈ ਵਧੀਆ ਤੋਹਫ਼ਾ ਦੇਣਾ ਚਾਹੁੰਦੀ ਸੀ, ਪਰ ਪੈਸੇ ਨਹੀਂ ਸਨ। ਮੇਰੀ ਧੀ ਹਮੇਸ਼ਾ ਕਹਿੰਦੀ ਸੀ, ‘ਮੰਮੀ, ਮੇਰੀ ਕਿਸਮਤ ਤੁਹਾਡੇ ਹੱਥ ਵਿੱਚ ਹੈ।’ ਇਹ ਸੋਚ ਕੇ ਮੈਂ ਆਪਣੀ ਧੀ ਦੇ ਨਾਮ ‘ਤੇ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।”

ਪੈਸੇ ਨਾ ਹੋਣ ਕਰਕੇ ਉਨ੍ਹਾਂ ਨੂੰ ਮਜਬੂਰੀ ਵਿੱਚ ਆਪਣੇ ਗਹਿਣੇ ਗਿਰਵੀ ਰੱਖਣੇ ਪਏ। ਉਨ੍ਹਾਂ ਨੇ 10 ਨਵੰਬਰ ਨੂੰ ਸ਼ਾਮ 5 ਵਜੇ ਇਹ ਟਿਕਟਾਂ ਖਰੀਦੀਆਂ ਅਤੇ 22 ਨਵੰਬਰ ਨੂੰ ਸ਼ਾਮ 6 ਵਜੇ ਜਿੱਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਖੁਸ਼ੀ ਨਾਲ ਰੋ ਪਿਆ।

‘ਧੀ ਮੇਰੀ ਖੁਸ਼ਕਿਸਮਤ’

ਇਸ ਜਿੱਤ ਤੋਂ ਬਾਅਦ ਮਹੇਸ਼ਵਰੀ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ:

“ਮੇਰੀ ਧੀ ਮੇਰੀ ਕਿਸਮਤ ਹੈ, ਜਿਸ ਕਾਰਨ ਮੈਂ 3 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਇਹ ਸਾਡੇ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਹੈ। ਹੁਣ ਮੈਂ ਆਪਣੀ ਧੀ ਦੀ ਪੜ੍ਹਾਈ ਪੂਰੀ ਕਰ ਸਕਾਂਗੀ ਅਤੇ ਉਸਦੇ ਸਾਰੇ ਸੁਪਨੇ ਪੂਰੇ ਕਰ ਸਕਾਂਗੀ। ਮੈਂ ਉਸਦੇ ਲਈ ਇੱਕ ਚੰਗੀ ਮਾਂ ਅਤੇ ਪਿਤਾ ਦੋਵੇਂ ਬਣਾਂਗੀ।”

ਉਨ੍ਹਾਂ ਕਿਹਾ ਕਿ ਭਾਵੇਂ ਜੂਆ ਖੇਡਣਾ ਸਹੀ ਨਹੀਂ ਹੈ, ਪਰ ਕਦੇ-ਕਦਾਈਂ ਕਿਸਮਤ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਮਾਂ ਦਾ ਪਿਆਰ ਅਤੇ ਵਿਸ਼ਵਾਸ ਕਿਸੇ ਵੀ ਮੁਸ਼ਕਲ ਨਾਲੋਂ ਵੱਡਾ ਹੁੰਦਾ ਹੈ