ਲੋਹੀਆਂ ਵਿੱਚ ਵਾਪਰਿਆ ਭਿਆਨਕ ਹਾਦਸਾ, ਵੈਲਡਿੰਗ ਕਰਦੇ ਸਮੇਂ ਗੱਡੀ ਨੂੰ ਲੱਗੀ ਅੱਗ, ਮਕੈਨਿਕ ਦੀ ਹੋਈ ਮੌਤ

ਲੋਹੀਆਂ ਇਲਾਕੇ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਗੱਡੀ ਦੀ ਮੁਰੰਮਤ ਕਰਦੇ ਸਮੇਂ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ ਇੱਕ ਮਕੈਨਿਕ ਦੀ ਜਾਨ ਚਲੀ ਗਈ।

ਕਿਵੇਂ ਵਾਪਰਿਆ ਹਾਦਸਾ?

ਮਿਲੀ ਜਾਣਕਾਰੀ ਮੁਤਾਬਕ, ਇੱਕ ਖਰਾਦ ਅਤੇ ਵੈਲਡਿੰਗ ਦਾ ਮਕੈਨਿਕ ਗੱਡੀ ਦੀ ਤੇਲ ਵਾਲੀ ਟੈਂਕੀ ਦਾ ਵੈਲਡਿੰਗ ਦਾ ਕੰਮ ਕਰ ਰਿਹਾ ਸੀ। ਕੰਮ ਦੇ ਦੌਰਾਨ ਅਚਾਨਕ ਗੱਡੀ ਨੇ ਭਿਆਨਕ ਅੱਗ ਫੜ ਲਈ। ਅੱਗ ਇੰਨੀ ਤੇਜ਼ ਸੀ ਕਿ ਮਕੈਨਿਕ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਉਰਫ਼ ਜੱਸਾ ਉਮਰ 45 ਸਾਲ ਨਿਵਾਸੀ ਪਿੰਡ ਰਾਈਵਾਲ ਬੇਟ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਸਪਾਲ ਸਿੰਘ, ਲੋਹੀਆਂ ਦੇ ਮਸ਼ਹੂਰ ਕਾਰੀਗਰ ‘ਮਨਜੀਤ ਖਰਾਦੀਏ’ ਦਾ ਭਤੀਜਾ ਸੀ। ਇਸ ਹਾਦਸੇ ਤੋਂ ਬਾਅਦ ਇਲਾਕੇ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।