ਮਮਤਾ ਹੋਈ ਸ਼ਰਮਸਾਰ: ਆਪਣੇ ਹੀ 6 ਸਾਲਾ ਪੁੱਤਰ ਦਾ ਕਤਲ ਕਰਨ ਵਾਲੀ ਮਾਂ ਨੂੰ ਹੋਈ ਉਮਰ ਕੈਦ ਦੀ ਸਜ਼ਾ

ਜਲੰਧਰ ਦੀ ਇੱਕ ਅਦਾਲਤ ਨੇ ਆਪਣੇ 6 ਸਾਲਾ ਪੁੱਤਰ ਅਰਸ਼ਪ੍ਰੀਤ ਸਿੰਘ ਦਾ ਕਤਲ ਕਰਨ ਦੇ ਦੋਸ਼ ਵਿੱਚ ਮਾਂ ਕੁਲਵਿੰਦਰ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਮਾਂ ‘ਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਜਿਸ ਨੂੰ ਨਾ ਭਰਨ ਦੀ ਸੂਰਤ ਵਿੱਚ ਉਸ ਨੂੰ ਇੱਕ ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ।

ਘਟਨਾ ਦਾ ਪਿਛੋਕੜ ਇਹ ਦਿਲ ਕੰਬਾਊ ਮਾਮਲਾ 8 ਜੂਨ, 2020 ਦਾ ਹੈ। ਪਿੰਡ ਸੋਹਲ ਜਾਗੀਰ ਵਿੱਚ ਰਹਿਣ ਵਾਲਾ ਮਾਸੂਮ ਅਰਸ਼ਪ੍ਰੀਤ ਆਪਣੀ ਦਾਦੀ ਚਰਨਜੀਤ ਕੌਰ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਅਕਸਰ ਉਨ੍ਹਾਂ ਕੋਲ ਸੌਣ ਦੀ ਜ਼ਿੱਦ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਇਸੇ ਗੱਲ ਨੂੰ ਲੈ ਕੇ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ। ਘਟਨਾ ਵਾਲੇ ਦਿਨ ਵੀ ਜਦੋਂ ਬੱਚੇ ਨੇ ਆਪਣੀ ਦਾਦੀ ਨਾਲ ਸੌਣ ਦੀ ਜ਼ਿੱਦ ਕੀਤੀ, ਤਾਂ ਗੁੱਸੇ ਵਿੱਚ ਆਈ ਮਾਂ ਕੁਲਵਿੰਦਰ ਕੌਰ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਆਪਣੇ ਹੀ ਪੁੱਤਰ ‘ਤੇ ਹਮਲਾ ਕਰ ਦਿੱਤਾ।

ਬੱਚੇ ਦੇ ਦਾਦਾ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਰਸ਼ਪ੍ਰੀਤ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ, ਜਦਕਿ ਕੁਲਵਿੰਦਰ ਕੋਲ ਹੀ ਚਾਕੂ ਫੜੀ ਖੜ੍ਹੀ ਸੀ। ਬੱਚੇ ਦੇ ਪੇਟ ਵਿੱਚ ਚਾਕੂ ਨਾਲ ਦੋ ਵਾਰ ਹਮਲਾ ਕੀਤਾ ਗਿਆ ਸੀ। ਹਾਲਾਂਕਿ ਪਰਿਵਾਰ ਵੱਲੋਂ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

ਪੁਲਿਸ ਨੇ ਜਾਂਚ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰਕੇ ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਇਸ ਨੂੰ ਇੱਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਅਪਰਾਧ ਮੰਨਿਆ। ਮਾਣਯੋਗ ਜੱਜ ਨੇ ਕਿਹਾ ਕਿ ਇੱਕ ਮਾਂ ਵੱਲੋਂ ਆਪਣੇ ਹੀ ਮਾਸੂਮ ਬੱਚੇ ਦੀ ਜਾਨ ਲੈਣਾ ਸਮਾਜ ‘ਤੇ ਇੱਕ ਵੱਡਾ ਦਾਗ ਹੈ, ਜਿਸ ਲਈ ਸਖ਼ਤ ਸਜ਼ਾ ਦੇਣੀ ਲਾਜ਼ਮੀ ਹੈ। ਇਸ ਫੈਸਲੇ ਨੇ ਇੱਕ ਵਾਰ ਫਿਰ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ।