ਕੈਨੇਡਾ ਗਈ ਕੁੜੀ ਨੇ ਸਹੁਰਿਆਂ ਨਾਲ ਮਾਰੀ 58 ਲੱਖ ਠੱਗੀ, ਪੁਲਿਸ ਨੇ ਲੜਕੀ ਦੇ ਮਾਪਿਆਂ ਨੂੰ ਗ੍ਰਿਫ਼ਤਾਰ

ਪੰਜਾਬ ਵਿੱਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਭਾਵੇਂ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਪ੍ਰਵਾਸੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਡਿਪੋਰਟ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਫਿਰ ਵੀ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਚਾਅ ਘੱਟ ਨਹੀਂ ਹੋਇਆ। ਇਸ ਚਾਹ ਦੇ ਕਾਰਨ ਕਈ ਲੋਕ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਹਨ, ਜਿਸਦਾ ਖਾਮਿਆਜ਼ਾ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।

ਇਸੇ ਤਰ੍ਹਾਂ ਦਾ ਇੱਕ ਮਾਮਲਾ ਨਾਭਾ ਦੇ ਪਿੰਡ ਰੋਹਟਾ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਗਈ ਇੱਕ ਲੜਕੀ ਅਤੇ ਉਸਦੇ ਮਾਪਿਆਂ ‘ਤੇ ਸਹੁਰੇ ਪਰਿਵਾਰ ਨਾਲ 58 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਲੱਗੇ ਹਨ।


ਲੜਕੀ ਦੇ ਮਾਪਿਆਂ ਦੀ ਗ੍ਰਿਫ਼ਤਾਰੀ

ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੀ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦੋਵੇਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਹ ਘਟਨਾ ਹੋਰ ਮਾਪਿਆਂ ਲਈ ਵੀ ਇੱਕ ਚੇਤਾਵਨੀ ਵਜੋਂ ਸਾਹਮਣੇ ਆ ਰਹੀ ਹੈ ਕਿ ਬੱਚਿਆਂ ਦੇ ਵਿਦੇਸ਼ੀ ਸੁਪਨਿਆਂ ਦੇ ਚਲਦੇ ਕਦੇ ਵੀ ਐਸੀ ਗਲਤੀ ਨਾ ਕੀਤੀ ਜਾਵੇ, ਜਿਸ ਦਾ ਨਤੀਜਾ ਪੂਰੇ ਪਰਿਵਾਰ ਨੂੰ ਭੁਗਤਣਾ ਪਏ।


ਠੱਗੀ ਤੋਂ ਬਾਅਦ ਪੀੜਤ ਨੌਜਵਾਨ ਡਿਪ੍ਰੈਸ਼ਨ ਵਿੱਚ

ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਪੀੜਤ ਨੌਜਵਾਨ ਡਿਪ੍ਰੈਸ਼ਨ ਵਿੱਚ ਚਲਾ ਗਿਆ। ਉਸਨੂੰ ਅਜੇ ਵੀ ਉਮੀਦ ਸੀ ਕਿ ਉਸਦੀ ਪਤਨੀ ਉਸਦਾ ਸਾਥ ਨਹੀਂ ਛੱਡੇਗੀ, ਪਰ ਜਦੋਂ ਉਸਦੇ ਪਰਿਵਾਰ ਨਾਲ ਹੋਈ ਠੱਗੀ ਦੀ ਸੱਚਾਈ ਸਾਹਮਣੇ ਆਈ ਤਾਂ ਉਹ ਕਾਫ਼ੀ ਟੁੱਟ ਗਿਆ।

ਪਰਿਵਾਰਕ ਮੈਂਬਰਾਂ ਮੁਤਾਬਕ ਨੌਜਵਾਨ ਇਸ ਮਾਮਲੇ ਨੂੰ ਲੈ ਕੇ ਕੈਮਰੇ ਅੱਗੇ ਆਉਣ ਤੋਂ ਵੀ ਇਨਕਾਰ ਕਰ ਗਿਆ ਹੈ।


2018 ਵਿੱਚ ਹੋਇਆ ਸੀ ਵਿਆਹ

ਪੀੜਤ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਸਾਲ 2018 ਵਿੱਚ ਉਸਦੇ ਪੁੱਤਰ ਦਾ ਵਿਆਹ ਭਵਾਨੀਗੜ੍ਹ ਦੀ ਇੱਕ ਲੜਕੀ ਨਾਲ ਹੋਇਆ ਸੀ, ਜਿਸ ਨੇ ਆਈਲੈਟਸ ਕੀਤੀ ਹੋਈ ਸੀ। ਵਿਆਹ ਤੋਂ ਬਾਅਦ ਲੜਕੀ ਨੂੰ ਵਿਦੇਸ਼ ਭੇਜਣ ਲਈ ਸਾਰਾ ਖਰਚਾ ਸਹੁਰੇ ਪਰਿਵਾਰ ਵੱਲੋਂ ਕੀਤਾ ਗਿਆ।

ਉਨ੍ਹਾਂ ਦਾ ਦੋਸ਼ ਹੈ ਕਿ ਵਿਦੇਸ਼ ਜਾਣ ਤੋਂ ਬਾਅਦ ਲੜਕੀ ਨੇ ਨਾ ਤਾਂ ਪੜਾਈ ਕੀਤੀ ਅਤੇ ਨਾ ਹੀ ਉਸਦੀ ਪੀਆਰ ਬਣੀ। ਸਾਰਾ ਖਰਚਾ ਕਰਨ ਦੇ ਬਾਵਜੂਦ ਬਾਅਦ ਵਿੱਚ ਲੜਕੀ ਨੇ ਆਪਣੇ ਪਤੀ ਨੂੰ ਨਾਪਸੰਦ ਕਰਨ ਦਾ ਬਹਾਨਾ ਬਣਾ ਕੇ ਉਸ ਤੋਂ ਦੂਰੀ ਬਣਾ ਲਈ।


ਪੰਚਾਇਤ ਰਾਹੀਂ ਸੁਲਹ ਦੀ ਕੋਸ਼ਿਸ਼ ਵੀ ਨਾਕਾਮ

ਪੀੜਤ ਪਰਿਵਾਰ ਦੇ ਅਨੁਸਾਰ ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਵਾਰ ਪੰਚਾਇਤ ਰਾਹੀਂ ਲੜਕੀ ਦੇ ਮਾਪਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਹੱਲ ਨਹੀਂ ਨਿਕਲਿਆ।

ਅਖੀਰਕਾਰ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਕੇ ਲੜਕੀ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ।


ਹੋਰ ਮਾਪਿਆਂ ਲਈ ਸਬਕ

ਪੀੜਤ ਨੌਜਵਾਨ ਦੇ ਪਿਤਾ ਨੇ ਹੋਰ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੇ ਵਿਦੇਸ਼ੀ ਸੁਪਨਿਆਂ ਦੇ ਚੱਕਰ ਵਿੱਚ ਸੋਚ-ਸਮਝ ਕੇ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਕਈ ਵਾਰ ਜਲਦੀ ਵਿੱਚ ਲਏ ਫੈਸਲੇ ਪੂਰੇ ਪਰਿਵਾਰ ਲਈ ਵੱਡੀ ਮੁਸੀਬਤ ਬਣ ਜਾਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਐਸੀਆਂ ਘਟਨਾਵਾਂ ਤੋਂ ਸਿੱਖ ਲੈ ਕੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਹੋਰ ਪਰਿਵਾਰ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।