ਪੋਤੇ-ਪੋਤੀਆਂ ਸਮੇਤ ਮਲਬੇ ਵਿੱਚ ਦੱਬੇ ਪਰਿਵਾਰ ਦੇ 5 ਮੈਂਬਰ, ਪਿੱਛੋ ਇਕੱਲੇ ਰਹਿ ਗਏ ਬਜ਼ੁਰਗ ਨੇ ਕਿਹਾ- ਖਤਮ ਹੋਈ ਜ਼ਿੰਦਗੀ

ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਇਰਸ਼ਾਲਵਾੜੀ ਵਿੱਚ ਜ਼ਮੀਨ ਖਿਸਕਣ ਦੀ ਦੁੱਖਦਾਇਕ ਖਬਰ ਮਿਲੀ ਹੈ, ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਵਿੱਚ ਕਈ ਸਾਰੇ ਲੋਕ ਮਲਬੇ ਹੇਠਾਂ ਦਬ ਗਏ ਅਤੇ ਲਗਾਤਾਰ ਬਚਾਅ ਕਾਰਜ ਜਾਰੀ ਹੈ। ਹਾਲਾਂਕਿ ਕੁੱਲ 57 ਲੋਕ ਅਜੇ ਵੀ ਲਾਪਤਾ ਹਨ। ਸਰਕਾਰ ਨੇ ਸਥਾਨਕ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਬਚਾਅ ਕਾਰਜ ਰੋਕ ਦਿੱਤਾ। ਇਸ ਹਾਦਸੇ ਵਿੱਚ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਗੁਆਉਣ ਵਾਲੇ ਬਜ਼ੁਰਗ ਦੀ ਕਹਾਣੀ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਕਮਲੂ ਪਾਰਧੀ ਨਾਂ ਦੇ ਬਜ਼ੁਰਗ ਦੇ ਪਰਿਵਾਰ ਦੇ ਪੰਜ ਮੈਂਬਰ ਅਜੇ ਵੀ ਲਾਪਤਾ ਹਨ।

ਪੀੜਤ ਬਜ਼ੁਰਗ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਲਾਸ਼ਾਂ ਕੱਢਣ ਨਾਲੋਂ ਉਨ੍ਹਾਂ ਨੂੰ ਮਲਬੇ ‘ਚ ਹੀ ਰਹਿਣ ਦੇਣਾ ਬਿਹਤਰ ਹੈ। 19 ਜੁਲਾਈ ਨੂੰ ਕਮਲੂ ਪਾਰਧੀ ਦੇ ਪਰਿਵਾਰ ਦੇ 9 ਮੈਂਬਰ ਜ਼ਮੀਨ ਖਿਸਕਣ ਕਾਰਨ ਮਲਬੇ ਵਿਚ ਦੱਬ ਗਏ ਸਨ। ਇਸ ਦੌਰਾਨ ਸਿਰਫ ਚਾਰ ਹੀ ਹਾਦਸੇ ‘ਚ ਬਚੇ। ਸਥਾਨਕ ਲੋਕਾਂ ਅਤੇ ਬਚਾਅ ਟੀਮ ਨੇ ਚਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪੀੜਤ ਪਾਰਧੀ ਨੇ ਆਪਣੀ ਪਤਨੀ, ਛੋਟਾ ਬੇਟਾ ਕਾਸ਼ੀਨਾਥ, ਨੂੰਹ, 14 ਸਾਲ ਦਾ ਪੋਤਾ ਅਤੇ 5 ਸਾਲ ਦੀ ਪੋਤੀ ਗਵਾ ਦਿੱਤੀ। ਉਸ ਨੇ ਕਿਹਾ, “ਮੈਂ ਸਿਰਫ ਕਲਪਨਾ ਹੀ ਕਰ ਸਕਦਾ ਹਾਂ ਕਿ ਮੇਰੇ ਪਰਿਵਾਰ ਦੇ ਪੰਜ ਮੈਂਬਰਾਂ ‘ਤੇ ਕੀ ਬੀਤੀ ਹੋਵੇਗੀ, ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮੈਨੂੰ ਆਪਣੇ ਦੋ ਪੋਤੇ-ਪੋਤੀਆਂ ਦੇ ਚਿਹਰੇ ਯਾਦ ਆਉਂਦੇ ਰਹਿੰਦੇ ਹਨ, ਪਰ ਮੈਂ ਕੀ ਕਰ ਸਕਦਾ ਹਾਂ। ਮੈਂ ਬੇਵੱਸ ਹਾਂ। ਉਨ੍ਹਾਂ ਲਈ ਬਹੁਤ ਸਾਰੇ ਸੁਪਨੇ ਸਨ, ਪਰ ਹੁਣ ਇਹ ਸਭ ਖਤਮ ਹੋ ਗਿਆ ਹੈ।”