ਗਵਾਲੀਅਰ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਝੋਨੇ ਨਾਲ ਭਰੇ ਇੱਕ ਓਵਰਲੋਡ ਟਰੱਕ ਨੇ ਸ਼ੀਤਲਾ ਮਾਤਾ ਮੰਦਰ ਜਾ ਰਹੇ ਸ਼ਰਧਾਲੂਆਂ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ਵਿੱਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦਕਿ 29 ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਦੇਰ ਰਾਤ ਕਰੀਬ 1:30 ਵਜੇ ਵਾਪਰੀ। ਲਗਭਗ 40 ਸ਼ਰਧਾਲੂ ਸ਼ੀਤਲਾ ਮਾਤਾ ਮੰਦਰ ਵੱਲ ਜਾ ਰਹੇ ਸਨ। ਛੀਨੌਰ ਵਾਲੇ ਪਾਸੇ ਦੀ ਸੜਕ ‘ਤੇ ਢਲਾਣ ਹੈ, ਜਿੱਥੇ ਭਾਰੀ ਵਾਹਨਾਂ ਦੀ ਆਵਾਜਾਈ ਉੱਤੇ ਪਾਬੰਦੀ ਹੈ।
ਇਸ ਦੌਰਾਨ ਝੋਨੇ ਨਾਲ ਭਰਿਆ ਇੱਕ ਟਰੱਕ ਪੁਲਿਸ ਬੈਰੀਕੇਡਾਂ ਨੂੰ ਤੋੜਦਾ ਹੋਇਆ ਬੇਕਾਬੂ ਹੋ ਕੇ ਹੇਠਾਂ ਵੱਲ ਆਇਆ ਅਤੇ ਮੰਦਰ ਦੀ ਬਾਹਰੀ ਕੰਧ ਤੇ ਗੇਟ ਨਾਲ ਜਾ ਟਕਰਾਇਆ। ਸੜਕ ‘ਤੇ ਮੌਜੂਦ ਸ਼ਰਧਾਲੂ ਇਸ ਦੀ ਲਪੇਟ ਵਿੱਚ ਆ ਕੇ ਕੁਚਲੇ ਗਏ।
ਪ੍ਰਸ਼ਾਸਕੀ ਕਾਰਵਾਈ ਅਤੇ ਰਾਹਤ ਕਾਰਜ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਕੁਲੈਕਟਰ, ਐਸ.ਐਸ.ਪੀ. ਅਤੇ ਹੋਰ ਉੱਚ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ 5 ਤੋਂ 6 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਗਵਾਲੀਅਰ ਦੇ ਐਸ.ਐਸ.ਪੀ. ਧਰਮਵੀਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕਾਂ ਦੀਆਂ ਲਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਕਰਨ ਦੇ ਨਾਲ-ਨਾਲ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
