ਮੋਹਾਲੀ ਦੇ ਸੈਕਟਰ-66, ਏਅਰਪੋਰਟ ਰੋਡ ’ਤੇ ਸਥਿਤ ਜੁਬਲੀ ਜੰਕਸ਼ਨ ਵਿੱਚ ਮੰਗਲਵਾਰ ਨੂੰ ਇੱਕ ਭਿਆਨਕ ਹਾਦਸਾ ਹੋਣੋਂ ਬਚ ਗਿਆ। ਇੱਥੇ ਇੱਕ ਕੈਫੇ ਦੇ ਬਾਹਰ ਖੜ੍ਹੀ ਹੁੰਡਈ ਵੇਨਿਊ ਕਾਰ ਉੱਪਰ ਇਮਾਰਤ ਦਾ ਇੱਕ ਪੁਰਾਣਾ ਹਿੱਸਾ (ਮੋਨੇਰਾ) ਅਚਾਨਕ ਟੁੱਟ ਕੇ ਡਿੱਗ ਗਿਆ। ਕਾਰ ਦਾ ਮਾਲਕ ਹਾਦਸੇ ਤੋਂ ਕੁਝ ਹੀ ਪਲ ਪਹਿਲਾਂ ਗੱਡੀ ਖੜ੍ਹੀ ਕਰਕੇ ਅੰਦਰ ਕੌਫੀ ਪੀਣ ਗਿਆ ਸੀ। ਖੁਸ਼ਕਿਸਮਤੀ ਰਹੀ ਕਿ ਉਸ ਸਮੇਂ ਕਾਰ ਦੇ ਅੰਦਰ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗੱਡੀ ਦਾ ਹੋਇਆ ਭਾਰੀ ਨੁਕਸਾਨ ਇਮਾਰਤ ਦਾ ਭਾਰੀ ਹਿੱਸਾ ਸਿੱਧਾ ਗੱਡੀ ਦੇ ਉੱਪਰ ਡਿੱਗਣ ਕਾਰਨ ਕਾਰ ਦੀ ਛੱਤ ਅਤੇ ਅਗਲਾ ਸ਼ੀਸ਼ਾ (ਵਾਈਂਡਸ਼ੀਲਡ) ਬੁਰੀ ਤਰ੍ਹਾਂ ਟੁੱਟ ਗਏ। ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਉੱਥੇ ਇਕੱਠੇ ਹੋ ਗਏ।
ਲੋਕਾਂ ਨੇ ਕੀਤੀ ਕਾਰਵਾਈ ਦੀ ਮੰਗ ਮੌਕੇ ’ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਦੇ ਕੰਮਕਾਜ ਅਤੇ ਇਮਾਰਤ ਦੀ ਸੁਰੱਖਿਆ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਇਮਾਰਤ ਦੀ ਜਾਂਚ ਕੀਤੀ ਜਾਵੇ ਅਤੇ ਲਾਪਰਵਾਹੀ ਵਰਤਣ ਵਾਲੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
