ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਨਾਲ ਸਬੰਧਤ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਸਾਊਦੀ ਅਰਬ ਦੀ ਇੱਕ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਲਜਿੰਦਰ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਦੁਬਈ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਅਤੇ ਨਿਯਮਿਤ ਤੌਰ ‘ਤੇ ਦੁਬਈ ਤੋਂ ਸਾਊਦੀ ਅਰਬ ਸਾਮਾਨ ਦੀ ਢੋਆ-ਢੁਆਈ ਕਰਦਾ ਸੀ। ਕਰੀਬ ਤਿੰਨ ਸਾਲ ਪਹਿਲਾਂ ਦੁਬਈ-ਸਾਊਦੀ ਅਰਬ ਸਰਹੱਦ ਪਾਰ ਕਰਦੇ ਸਮੇਂ ਉਸ ਦੇ ਟਰੱਕ ਦੀ ਤਲਾਸ਼ੀ ਲਈ ਗਈ। ਸਕੈਨਿੰਗ ਦੌਰਾਨ ਟਰੱਕ ਵਿੱਚੋਂ ਇੱਕ ਪੈਕੇਜ ਮਿਲਿਆ, ਜਿਸ ਵਿੱਚ ਦਵਾਈਆਂ ਦੀ ਪੈਕਿੰਗ ਦੇ ਅੰਦਰ ਨਸ਼ੀਲੇ ਪਦਾਰਥ ਲੁਕਾਏ ਗਏ ਸਨ। ਇਸੇ ਦੋਸ਼ ਹੇਠ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਬਲਜਿੰਦਰ ਨੂੰ ਉਸ ਪੈਕੇਜ ਵਿੱਚ ਨਸ਼ੀਲੇ ਪਦਾਰਥ ਹੋਣ ਦੀ ਕੋਈ ਜਾਣਕਾਰੀ ਨਹੀਂ ਸੀ। ਉਸ ਦੇ ਪਿਤਾ ਜਸਵਿੰਦਰ ਸਿੰਘ ਅਨੁਸਾਰ, ਬਲਜਿੰਦਰ ਨੇ ਸ਼ੁਰੂ ਵਿੱਚ ਪੈਕੇਜ ਲਿਜਾਣ ਤੋਂ ਦੋ ਵਾਰ ਇਨਕਾਰ ਕੀਤਾ ਸੀ, ਪਰ ਬਾਅਦ ਵਿੱਚ ਉਸ ਨੂੰ ਦੱਸਿਆ ਗਿਆ ਕਿ ਇਸ ਵਿੱਚ ਇੱਕ ਬਿਮਾਰ ਬਜ਼ੁਰਗ ਵਿਅਕਤੀ ਲਈ ਦਵਾਈਆਂ ਹਨ, ਜਿਸ ਤੋਂ ਬਾਅਦ ਉਹ ਸਹਿਮਤ ਹੋ ਗਿਆ।
ਪਰਿਵਾਰ ਨੇ ਦੱਸਿਆ ਕਿ ਬਲਜਿੰਦਰ ਅੰਮ੍ਰਿਤਧਾਰੀ ਸਿੱਖ ਹੈ ਅਤੇ ਉਸ ਦਾ ਕਿਸੇ ਵੀ ਅਪਰਾਧਿਕ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਹੈ। ਹੁਣ ਮੌਤ ਦੀ ਸਜ਼ਾ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਨੇ ਭਾਰਤ ਸਰਕਾਰ, ਖ਼ਾਸ ਤੌਰ ‘ਤੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ, ਸਾਊਦੀ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਇਆ ਜਾਵੇ ਅਤੇ ਬਲਜਿੰਦਰ ਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
