ਰਾਸ਼ਟਰੀ ਹੈਂਡਲੂਮ ਦਿਵਸ ’ਤੇ PM ਮੋਦੀ ਦੀ ਅਪੀਲ: ਲੋਕ ਖਰੀਦਣ ਹੱਥ ਨਾਲ ਬਣੇ ਉਤਪਾਦ

ਨਵੀਂ ਦਿੱਲੀ: ਰਾਸ਼ਟਰੀ ਹੈਂਡਲੂਮ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਭਾਰਤ ਦੇ ਬੁਣਕਰਾਂ ਅਤੇ ਹੱਥ ਨਾਲ ਤਿਆਰ ਕੀਤੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਹੈਂਡਲੂਮ ਉਤਪਾਦ ਖਰੀਦਣ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੇ ਕਰਕੇ ਬੁਣਕਰਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਕਿਹਾ।

ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ 7 ਅਗਸਤ ਨੂੰ ਮਨਾਇਆ ਜਾਣ ਵਾਲਾ ਰਾਸ਼ਟਰੀ ਹੈਂਡਲੂਮ ਦਿਵਸ ਭਾਰਤ ਦੀ ਪਰੰਪਰਾ, ਕਲਾ ਅਤੇ ਆਤਮਨਿਰਭਰਤਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਨੂੰ ਫ੍ਰੈਂਡਸ਼ਿਪ ਡੇ ਵਾਂਗ ਹੀ ਉਤਸ਼ਾਹ ਨਾਲ ਮਨਾਉਣ ਅਤੇ ਦੇਸ਼ ਦੇ ਬੁਣਕਰ ਪਰਿਵਾਰਾਂ ਦਾ ਸਹਿਯੋਗ ਕਰਨ।

PM ਮੋਦੀ ਨੇ ਕਿਹਾ ਕਿ ਹੈਂਡਲੂਮ ਸਿਰਫ਼ ਕੱਪੜਾ ਨਹੀਂ, ਸਗੋਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਲੱਖਾਂ ਕਾਰੀਗਰਾਂ ਦੀ ਮਿਹਨਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਦੇਸੀ ਉਤਪਾਦਾਂ ਨੂੰ ਤਰਜੀਹ ਦੇਣਗੇ ਤਾਂ ਇਸ ਨਾਲ ਬੁਣਕਰ ਪਰਿਵਾਰਾਂ ਨੂੰ ਆਰਥਿਕ ਮਜ਼ਬੂਤੀ ਮਿਲੇਗੀ ਅਤੇ ਉਨ੍ਹਾਂ ਦੀ ਕਲਾ ਨੂੰ ਵਿਸ਼ਵ ਪੱਧਰ ’ਤੇ ਪਛਾਣ ਮਿਲੇਗੀ।

ਪ੍ਰਧਾਨ ਮੰਤਰੀ ਨੇ 7 ਅਗਸਤ 1905 ਨੂੰ ਸ਼ੁਰੂ ਹੋਏ ਸਵਦੇਸ਼ੀ ਅੰਦੋਲਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਲੋਕਾਂ ਨੂੰ ਇਕੱਠਾ ਕਰਨ ਅਤੇ ਆਤਮਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਵੱਡਾ ਪ੍ਰਤੀਕ ਬਣਿਆ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਸਵਦੇਸ਼ੀ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਲੋਕਾਂ ਨੂੰ ਭਾਰਤੀ ਹੈਂਡਲੂਮ ਉਤਪਾਦਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਬੁਣਕਰਾਂ ਦੀ ਮਿਹਨਤ ਨੂੰ ਸਨਮਾਨ ਦੇਣਾ ਚਾਹੀਦਾ ਹੈ।

ਰਾਸ਼ਟਰੀ ਹੈਂਡਲੂਮ ਦਿਵਸ ਹਰ ਸਾਲ 7 ਅਗਸਤ ਨੂੰ ਭਾਰਤ ਦੀ ਰਵਾਇਤੀ ਬੁਣਾਈ ਕਲਾ ਅਤੇ ਇਸ ਨਾਲ ਜੁੜੇ ਕਾਰੀਗਰਾਂ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਹੈ