ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਸਿੱਖਿਆ ਕ੍ਰਾਂਤੀ’ ਤਹਿਤ ਸੂਬੇ ਦੇ ਉਚੇਰੀ ਅਤੇ ਤਕਨੀਕੀ ਸਿੱਖਿਆ ਪ੍ਰੋਗਰਾਮਾਂ ਵਿੱਚ ਵੱਡੀ ਸਫ਼ਲਤਾ ਦੇਖਣ ਨੂੰ ਮਿਲ ਰਹੀ ਹੈ। ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲੇ ਦੀ ਬਜਾਏ ਨੌਕਰੀ ਦੇਣ ਵਾਲਾ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਬਿਜ਼ਨਸ ਕਲਾਸ ਪ੍ਰੋਗਰਾਮ’ ਨੇ ਪਹਿਲੇ ਸਾਲ ਹੀ ਸ਼ਾਨਦਾਰ ਨਤੀਜੇ ਦਿੱਤੇ ਹਨ।
ਪਹਿਲੇ ਹੀ ਸਾਲ ਵਿੱਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ
ਇਸ ਪ੍ਰੋਗਰਾਮ ਰਾਹੀਂ ਪੂਰੇ ਪੰਜਾਬ ਦੇ ਲਗਭਗ 95,000 ਵਿਦਿਆਰਥੀਆਂ ਨੇ ਆਪਣੇ ਬਿਜ਼ਨਸ ਆਈਡੀਆਜ਼ ‘ਤੇ ਕੰਮ ਕੀਤਾ:
- 25,693 ਵਿਦਿਆਰਥੀਆਂ ਨੇ ਆਪਣੇ ਖ਼ੁਦ ਦੇ ਕਾਰੋਬਾਰ (ਸਟਾਰਟਅੱਪ) ਸ਼ੁਰੂ ਕੀਤੇ।
- 20,241 ਉੱਦਮੀਆਂ ਨੇ ਆਪਣੇ ਪਹਿਲੇ ਹੀ ਸਾਲ ਵਿੱਚ ਕੁੱਲ 90 ਕਰੋੜ ਰੁਪਏ ਦੀ ਕਮਾਈ ਕੀਤੀ।
- ਲਗਭਗ 57,000 ਵਿਦਿਆਰਥੀਆਂ (60%) ਨੇ ਪੜ੍ਹਾਈ ਦੇ ਨਾਲ-ਨਾਲ ਵਿਹਾਰਕ ਵਪਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ।
ਡਿਗਰੀਆਂ ਦੇ ਨਾਲ-ਨਾਲ ਰੁਜ਼ਗਾਰ ਪੈਦਾ ਕਰਨ ‘ਤੇ ਜ਼ੋਰ: ਹਰਜੋਤ ਸਿੰਘ ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਪ੍ਰਾਪਤੀ ‘ਤੇ ਖ਼ੁਸ਼ੀ ਜਾਹਰ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਸਿੱਖਿਆ ਦੇ ਅਸਲ ਮਕਸਦ ਨੂੰ ਬਦਲ ਰਿਹਾ ਹੈ। ਸਰਕਾਰ ਦਾ ਉਦੇਸ਼ ਸਿਰਫ਼ ਡਿਗਰੀਆਂ ਵੰਡਣਾ ਨਹੀਂ, ਸਗੋਂ ਨਵੇਂ ਉੱਦਮੀ ਅਤੇ ਨੌਕਰੀਆਂ ਪੈਦਾ ਕਰਨ ਵਾਲੀ ਨੌਜਵਾਨ ਪੀੜ੍ਹੀ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਸਹੀ ਮੌਕਾ ਮਿਲੇ ਤਾਂ ਉਹ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ।
ਵਿੱਦਿਅਕ ਅਦਾਰਿਆਂ ਵਿੱਚ ਲਾਜ਼ਮੀ ਵਿਸ਼ਾ
ਅਕਾਦਮਿਕ ਸੈਸ਼ਨ 2025-26 ਦੌਰਾਨ ਇਸ ਪ੍ਰੋਗਰਾਮ ਨੂੰ 925 ਸਿੱਖਿਆ ਸੰਸਥਾਵਾਂ (20 ਯੂਨੀਵਰਸਿਟੀਆਂ, 494 ਕਾਲਜ, 320 ਆਈ.ਟੀ.ਆਈ. ਅਤੇ 91 ਪੌਲੀਟੈਕਨਿਕ) ਵਿੱਚ ਲਾਜ਼ਮੀ ਵਿਸ਼ੇ (2-ਕ੍ਰੈਡਿਟ ਕੋਰਸ) ਵਜੋਂ ਸ਼ੁਰੂ ਕੀਤਾ ਗਿਆ ਹੈ। ਇਹ ਕੋਰਸ ਮੁੱਖ ਤੌਰ ‘ਤੇ ਬੀ.ਕਾਮ., ਬੀ.ਬੀ.ਏ., ਬੀ.ਟੈਕ., ਬੀ.ਵੋਕੇਸ਼ਨਲ, ਆਈ.ਟੀ.ਆਈ. ਅਤੇ ਪੌਲੀਟੈਕਨਿਕ ਦੇ ਵਿਦਿਆਰਥੀਆਂ ਲਈ ਸ਼ਾਮਲ ਕੀਤਾ ਗਿਆ ਹੈ।
ਕਿਤਾਬੀ ਗਿਆਨ ਤੋਂ ਪਰ੍ਹੇ ਵਿਹਾਰਕ ਸਿਖਲਾਈ
ਰਵਾਇਤੀ ਪੜ੍ਹਾਈ ਤੋਂ ਹਟ ਕੇ, ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਅਸਲ ਵਪਾਰਕ ਹੁਨਰ ਸਿਖਾਉਂਦਾ ਹੈ, ਜਿਵੇਂ ਕਿ:
- ਮਾਰਕੀਟ ਦੀ ਮੰਗ ਨੂੰ ਸਮਝਣਾ ਅਤੇ ਗਾਹਕਾਂ ਦੀ ਪਛਾਣ।
- ਡਿਜੀਟਲ ਮੌਜੂਦਗੀ, ਪ੍ਰਾਈਸਿੰਗ ਅਤੇ ਵਿੱਤੀ ਯੋਜਨਾਬੰਦੀ।
- ਬਿਜ਼ਨਸ ਸੈੱਟਅੱਪ, ਸੰਚਾਰ ਪ੍ਰਣਾਲੀ ਅਤੇ ਸਮੱਸਿਆਵਾਂ ਦਾ ਹੱਲ।
ਇਨ੍ਹਾਂ ਖੇਤਰਾਂ ਵਿੱਚ ਨੌਜਵਾਨਾਂ ਨੇ ਦਿਖਾਇਆ ਉਤਸ਼ਾਹ
ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਕਾਰੋਬਾਰ ਸਥਾਪਿਤ ਕੀਤੇ ਹਨ, ਜਿਨ੍ਹਾਂ ਵਿੱਚ ਈ-ਕਾਮਰਸ, ਫੂਡ ਤੇ ਬੇਕਰੀ ਸੇਵਾਵਾਂ, ਡਿਜੀਟਲ ਕੰਟੈਂਟ, ਕੋਡਿੰਗ, ਗ੍ਰਾਫਿਕ ਡਿਜ਼ਾਇਨਿੰਗ, ਫਿਟਨੈੱਸ, ਬਿਊਟੀ ਤੇ ਕੇਅਰ, ਖੇਤੀਬਾੜੀ ਉੱਦਮ, ਅਤੇ ਸਥਾਨਕ ਹਸਤਕਲਾ ਸ਼ਾਮਲ ਹਨ।
ਇਸ ਪਹਿਲਕਦਮੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਰਾਜ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਸਿਰਜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।