ਬੀਜਿੰਗ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਦੌਰੇ ਦੇ ਖ਼ਤਮ ਹੋਣ ਤੋਂ ਕੁਝ ਹੀ ਦਿਨਾਂ ਬਾਅਦ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੰਗਲਵਾਰ ਰਾਤ ਚੀਨ ਦੀ ਰਾਜਧਾਨੀ ਬੀਜਿੰਗ ਪਹੁੰਚ ਗਏ ਹਨ। ਜਿਥੇ ਸ਼ੀ-ਜਿਨਪਿੰਗ ਨਾਲ ਮੁਲਾਕਾਤ ਕਰਨਗੇ, ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਹੋਣ ਵਾਲੀ ਇਹ ਮੁਲਾਕਾਤ ਗਲੋਬਲ ਸਿਆਸਤ ਦੇ ਲਿਹਾਜ਼ ਨਾਲ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਬੀਜਿੰਗ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਰੂਸੀ ਰਾਸ਼ਟਰਪਤੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ (Wang Yi) ਸਮੇਤ ਇੱਕ ਵਿਸ਼ੇਸ਼ ਗਾਰਡ ਆਫ਼ ਆਨਰ ਅਤੇ ਚੀਨੀ ਤੇ ਰੂਸੀ ਝੰਡੇ ਲਹਿਰਾਉਂਦੇ ਬੱਚਿਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ
ਇਸ ਦੌਰੇ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇੱਕ ਪਾਸੇ ਜਿੱਥੇ ਚੀਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੇਜ਼ਬਾਨੀ ਕਰਕੇ ਵਾਸ਼ਿੰਗਟਨ ਨਾਲ ਆਪਣੇ ਸਬੰਧਾਂ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਰੂਸ ਨਾਲ ਆਪਣੀ “ਪੱਕੀ ਦੋਸਤੀ” ਦਾ ਪ੍ਰਦਰਸ਼ਨ ਵੀ ਕਰ ਰਿਹਾ ਹੈ
ਮਾਹਰਾਂ ਦੀ ਰਾਏ: ਯੂਕਰੇਨ ਯੁੱਧ ਤੋਂ ਬਾਅਦ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਆਰਥਿਕ ਪਾਬੰਦੀਆਂ ਦੇ ਵਿਚਕਾਰ ਚੀਨ, ਰੂਸ ਲਈ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਕੇ ਉੱਭਰਿਆ ਹੈ। ਹਾਲਾਂਕਿ ਚੀਨ ਖ਼ੁਦ ਨੂੰ ਇਸ ਜੰਗ ਵਿੱਚ ਨਿਰਪੱਖ ਦੱਸਦਾ ਆਇਆ ਹੈ, ਪਰ ਰੂਸ ਨਾਲ ਉਸ ਦੇ ਵਪਾਰਕ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ
