“ਗੈਂਗਸਟਰਾਂ ਦੀ ਹੁਣ ਖ਼ੈਰ ਨਹੀਂ!”: ਮੁੱਖ ਮੰਤਰੀ ਨੇ ਦਿੱਤੀ ਸਿੱਧੀ ਚੇਤਾਵਨੀ

ਚੰਡੀਗੜ੍ਹ: ਪੰਜਾਬ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸੀਐਮ ਮਾਨ ਬੇਹੱਦ ਸਖ਼ਤ ਤੇਵਰਾਂ ਵਿੱਚ ਨਜ਼ਰ ਆਏ ਅਤੇ ਉਨ੍ਹਾਂ ਨੇ ਸੂਬੇ ਦੇ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਸਿੱਧੀ ਚੇਤਾਵਨੀ ਦਿੱਤੀ। ਮੁੱਖ ਮੰਤਰੀ ਨੇ ਗੈਂਗਸਟਰਾਂ ਨੂੰ ਸਖ਼ਤ ਲਹਿਜੇ ਵਿੱਚ ਕਿਹਾ, “ਜੇਕਰ ਕੋਈ ਇਹ ਸੋਚਦਾ ਹੈ ਕਿ ਉਹ ਗੋਲੀ ਚਲਾਉਣ ਤੋਂ ਬਾਅਦ ਆਪਣੀ ਮਾਂ ਦੀ ਗੋਦ ਵਿੱਚ ਜਾ ਕੇ ਸੌਂ ਜਾਵੇਗਾ ਅਤੇ ਬਚ ਜਾਵੇਗਾ, ਤਾਂ ਉਹ ਇਹ ਭੁਲੇਖਾ ਕੱਢ ਦੇਵੇ।” ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਵਿਰੋਧੀਆਂ ‘ਤੇ ਨਿਸ਼ਾਨਾ: “ਕੰਡੇ ਪਿਛਲੀਆਂ ਸਰਕਾਰਾਂ ਨੇ ਬੀਜੇ”

ਕਾਨੂੰਨ ਵਿਵਸਥਾ ‘ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ: ਇਹ ਗੈਂਗਸਟਰ ਕਲਚਰ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਅਕਾਲੀ-ਕਾਂਗਰਸੀਆਂ ਨੇ ਜੋ ‘ਕੰਡੇ’ ਬੀਜੇ ਸਨ, ਅੱਜ ਜਨਤਾ ਨੂੰ ਉਹ ਚੁਭ ਰਹੇ ਹਨ। ਅਪਰਾਧੀ ਹੁਣ ਆਪਣੀ ਹੋਂਦ (ਵਰਚਸਵ) ਦੀ ਲੜਾਈ ਲੜ ਰਹੇ ਹਨ, ਜਿਸ ਨੂੰ ਜਲਦ ਖ਼ਤਮ ਕੀਤਾ ਜਾਵੇਗਾ

ਰਾਣਾ ਬਲਾਚੌਰੀਆ ਕਤਲ ਕਾਂਡ

ਰਾਣਾ ਬਲਾਚੌਰੀਆ ਦੇ ਕਤਲ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਇਸ ਮਾਮਲੇ ਦਾ ਬਾਰੀਕੀ ਨਾਲ ਅਧਿਐਨ ਕਰ ਰਹੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਪੁਲਿਸ ਉਨ੍ਹਾਂ ਦੇਸ਼ਾਂ ਦੀ ਲਿਸਟ ਬਣਾ ਕੇ ਕੰਮ ਕਰ ਰਹੀ ਹੈ, ਜਿੱਥੋਂ ਗੈਂਗਸਟਰਾਂ ਨੂੰ ਸਭ ਤੋਂ ਵੱਧ ਫ਼ੋਨ ਕਾਲਾਂ ਆ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ | ਕਬੱਡੀ ਖਿਡਾਰੀ ਦੇ ਕਤਲ ਸਬੰਧੀ ਪੁੱਛੇ ਗਏ ਸਵਾਲ ‘ਤੇ ਮਾਨ ਨੇ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਮੰਨਿਆ ਕਿ ਪੂਰੀ ਦੁਨੀਆ ਵਿੱਚ ਕਬੱਡੀ ਖੇਡ ਨੂੰ ਲੈ ਕੇ ਕੁਝ ਵਿਵਾਦ ਚੱਲ ਰਹੇ ਹਨ, ਜਿਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਦਾ ਸੁਨੇਹਾ: ਪੰਜਾਬ ਦੀ ਧਰਤੀ ਪਿਆਰ ਅਤੇ ਅਮਨ ਦੀ ਧਰਤੀ ਹੈ, ਇੱਥੇ ਖ਼ੂਨ-ਖ਼ਰਾਬਾ ਕਰਨ ਵਾਲਿਆਂ ਲਈ ਜੇਲ੍ਹ ਹੀ ਇੱਕੋ-ਇੱਕ ਥਾਂ ਹੈ

#ranabalachauria #ranabalachaur #cmbhagwantmannonranabalachaur #ranaBalachaurnews