DM ਗਗਨਦੀਪ ਰੰਧਾਵਾ ਮਾਮਲਾ: ਸੁਖਬੀਰ ਬਾਦਲ ਨੇ ਕੀਤੀ CBI ਜਾਂਚ ਦੀ ਮੰਗ

ਅਮ੍ਰਿਤਸਰ : DM ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਰੰਧਾਵਾ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਸਰਕਾਰੀ ਅਫ਼ਸਰ ਨੂੰ ਇਸ ਹੱਦ ਤੱਕ ਮਜਬੂਰ ਕੀਤਾ ਗਿਆ ਕਿ ਉਸ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਬਹੁਤ ਹੀ ਹਲਕੇ ਤੌਰ ‘ਤੇ ਲੈ ਰਹੀ ਹੈ ਕਿਉਂਕਿ ਸਰਕਾਰ ਦਾ ਮਕਸਦ ਸੰਬੰਧਿਤ ਮੰਤਰੀ ਨੂੰ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਕਈ ਰਾਜਨੀਤਿਕ ਪਾਰਟੀਆਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਕਿਉਂਕਿ ਪੰਜਾਬ ਪੁਲਿਸ ਦੀ ਜਾਂਚ ‘ਤੇ ਕਿਸੇ ਨੂੰ ਵੀ ਭਰੋਸਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਵਿੱਚ ਨਾਮਜ਼ਦ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਸੁਖਬੀਰ ਬਾਦਲ ਦੇ ਮੁਤਾਬਕ ਜੇਲ੍ਹ ਵਿੱਚ ਵੀ ਉਨ੍ਹਾਂ ਨੂੰ ਏਸੀ ਕਮਰੇ ਵਿੱਚ ਰੱਖਿਆ ਗਿਆ ਹੈ ਅਤੇ ਘਰ ਤੋਂ ਖਾਣਾ ਮੰਗਵਾਉਣ ਦੀ ਵੀ ਆਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਆਮ ਵਿਅਕਤੀ ਜੇਲ੍ਹ ਵਿੱਚ ਜਾਂਦਾ ਹੈ ਤਾਂ ਉਸ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਹੁੰਦਾ। ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਦੋ–ਤਿੰਨ ਦਿਨਾਂ ਤੋਂ ਪੁਲਿਸ ਵੱਲੋਂ ਢੰਗ ਨਾਲ ਪੁੱਛਗਿੱਛ ਵੀ ਨਹੀਂ ਕੀਤੀ ਗਈ ਅਤੇ ਇਸ ਤਰ੍ਹਾਂ ਦੀ ਜਾਂਚ ਨਾਲ ਸੱਚ ਸਾਹਮਣੇ ਆਉਣਾ ਮੁਸ਼ਕਲ ਹੈ। ਉਨ੍ਹਾਂ ਦੁਹਰਾਇਆ ਕਿ ਪਰਿਵਾਰ ਨੇ ਵੀ ਸਾਫ਼ ਤੌਰ ‘ਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਜੇਕਰ ਇਹ ਮੰਗ ਨਹੀਂ ਮੰਨੀ ਗਈ ਤਾਂ ਪੰਜਾਬ ਪੁਲਿਸ ਦੀ ਜਾਂਚ ਮਨਜ਼ੂਰਯੋਗ ਨਹੀਂ ਹੋਵੇਗੀ। ਇਸ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ ਪਰ ਕੁਝ ਨੇਤਾ ਆਪਣੀਆਂ ਰਾਜਨੀਤਿਕ ਮਜ਼ਬੂਰੀਆਂ ਕਾਰਨ ਚੁੱਪ ਹਨ