ਜਲੰਧਰ: ਰਿਸ਼ਵਤ ਲੈਂਦੇ ਵਾਇਰਲ ਹੋਏ ਟ੍ਰੈਫਿਕ ਪੁਲਿਸ ਦੇ ASI ਨੂੰ ਕੀਤਾ ਮੁਅੱਤਲ

ਜਲੰਧਰ ਦੇ ਨੂਰਮਹਿਲ ਇਲਾਕੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਟ੍ਰੈਫਿਕ ਪੁਲਿਸ ਦੇ ਏ.ਐਸ.ਆਈ. (ASI) ਵੱਲੋਂ ਗੱਡੀ ਰੋਕ ਕੇ ਰਿਸ਼ਵਤ ਲੈਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੁਲਾਜ਼ਮ ਨੇ ਪੈਸੇ ਲੈਣ ਤੋਂ ਬਾਅਦ ਹੀ ਬੈਰੀਗੇਟ ਹਟਾ ਕੇ ਗੱਡੀ ਨੂੰ ਅੱਗੇ ਜਾਣ ਦਿੱਤਾ।

ਐਸ.ਐਸ.ਪੀ. ਵੱਲੋਂ ਤੁਰੰਤ ਵੱਡੀ ਕਾਰਵਾਈ

ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ (SSP) ਸ. ਹਰਵਿੰਦਰ ਸਿੰਘ ਵਿਰਕ ਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਨੇ ਬਿਨਾਂ ਕੋਈ ਦੇਰੀ ਕੀਤੇ ਸਖ਼ਤ ਐਕਸ਼ਨ ਲੈਂਦਿਆਂ ਦੋਸ਼ੀ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ (ਮੁਅੱਤਲ) ਕਰ ਦਿੱਤਾ ਹੈ ਅਤੇ ਉਸ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।

ਡੀ.ਐਸ.ਪੀ. ਕਰਨਗੇ ਮਾਮਲੇ ਦੀ ਬਾਰੀਕੀ ਨਾਲ ਜਾਂਚ

ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ। ਇਹ ਜ਼ਿੰਮੇਵਾਰੀ ਜਲੰਧਰ ਦਿਹਾਤੀ ਦੇ ਉਪ ਪੁਲਿਸ ਕਪਤਾਨ (DSP ਡਿਟੈਕਟਿਵ) ਲਖਵਿੰਦਰ ਸਿੰਘ ਨੂੰ ਸੌਂਪੀ ਗਈ ਹੈ।

ਪੁਲਿਸ ਦਾ ਪੱਖ: ਜਾਂਚ ਅਧਿਕਾਰੀਆਂ ਮੁਤਾਬਕ ਵਾਇਰਲ ਵੀਡੀਓ ਨਾਲ ਜੁੜੇ ਹਰ ਪਹਿਲੂ ਅਤੇ ਸਬੂਤ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ। ਜਾਂਚ ਦੀ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਮੁਲਾਜ਼ਮ ਖਿਲਾਫ਼ ਅਗਲੀ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।