ਪਿੰਡ ਮੈਹਿੰਦਵਾਣੀ ਵਿਖੇ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਝੁੱਗੀਆਂ ਬਣਾ ਕੇ ਰਹਿ ਰਹੇ ਇੱਕ ਪਰਵਾਸੀ ਮਜ਼ਦੂਰ ਵੱਲੋਂ ਆਪਣੀ ਪਤਨੀ ਦਾ ਗਲ਼ਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਹੈ।
ਮ੍ਰਿਤਕਾ ਦੀ ਪਛਾਣ ਮੁੰਨੀ ਦੇਵੀ (ਉਮਰ 30 ਸਾਲ), ਪਿੰਡ ਹਰਪਾਲ, ਜ਼ਿਲ੍ਹਾ ਮੁੰਡੇਲ (ਬਿਹਾਰ) ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਇਹ ਜੋੜਾ ਕਰੀਬ ਇੱਕ ਮਹੀਨਾ ਪਹਿਲਾਂ ਹੀ ਰੋਜ਼ਗਾਰ ਦੀ ਭਾਲ ਵਿੱਚ ਇੱਥੇ ਆਇਆ ਸੀ ਅਤੇ ਝੁੱਗੀ ਬਣਾ ਕੇ ਰਹਿ ਰਿਹਾ ਸੀ।
ਕਤਲ ਦਾ ਕਾਰਨ ਅਤੇ ਘਟਨਾ
ਮ੍ਰਿਤਕਾ ਦੀ ਭੈਣ ਪਿੰਕੀ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਆਪਸੀ ਝਗੜਾ ਹੋਇਆ ਸੀ। ਇਸੇ ਰੰਜਿਸ਼ ਤਹਿਤ ਸੁਨੀਲ ਕੁਮਾਰ ਨੇ ਰਾਤ ਨੂੰ ਆਪਣੀ ਪਤਨੀ ਦਾ ਗਲ਼ਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਫ਼ਰਾਰ ਮੁਲਜ਼ਮ ਸੁਨੀਲ ਕੁਮਾਰ ਦੀ ਭਾਲ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
