ਪਿੰਡ ਬਾਲਿਓ ਦੇ ਨੇੜੇ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ 11 ਸਾਲ ਦੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਮਾਤਾ-ਪਿਤਾ ਅਤੇ ਛੋਟਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।
ਨਾਨਕੇ ਘਰ ਜਾ ਰਿਹਾ ਸੀ ਪਰਿਵਾਰ
ਮਿਲੀ ਜਾਣਕਾਰੀ ਮੁਤਾਬਕ, ਪਿੰਡ ਪਵਾਤ ਦੇ ਰਹਿਣ ਵਾਲੇ ਤਰਲੋਚਨ ਸਿੰਘ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਆਪਣੇ ਦੋਵਾਂ ਪੁੱਤਰਾਂ, ਹਰਜੋਤ ਸਿੰਘ (11 ਸਾਲ) ਅਤੇ ਜਸਕਰਨ ਸਿੰਘ (9 ਸਾਲ) ਨੂੰ ਉਹਨਾਂ ਦੇ ਨਾਨਕੇ ਪਿੰਡ ਚਹਿਲਾਂ ਛੱਡਣ ਜਾ ਰਹੇ ਸਨ। ਉਹ ਆਪਣੀ ਪਤਨੀ ਪਰਮਜੀਤ ਕੌਰ ਅਤੇ ਬੱਚਿਆਂ ਸਮੇਤ ਮੋਟਰਸਾਈਕਲ ‘ਤੇ ਸਵਾਰ ਸਨ।
ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ
ਜਦੋਂ ਇਹ ਪਰਿਵਾਰ ਪਿੰਡ ਬਾਲਿਓ ਦੇ ਨੇੜੇ ਪਹੁੰਚਿਆ, ਤਾਂ ਸੜਕ ਕਿਨਾਰੇ ਕੱਚੇ ਰਸਤੇ ‘ਤੇ ਖੜੀ ਇੱਕ ਕਰੇਟਾ ਕਾਰ ਅਚਾਨਕ ਬਹੁਤ ਤੇਜ਼ ਰਫ਼ਤਾਰ ਨਾਲ ਸੜਕ ਉੱਪਰ ਆ ਗਈ। ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।
ਮੌਕੇ ‘ਤੇ ਹੋਈ ਮੌਤ, ਬਾਕੀ ਪਰਿਵਾਰ ਹਸਪਤਾਲ ਦਾਖ਼ਲ
ਇਸ ਟੱਕਰ ਦੌਰਾਨ 5ਵੀਂ ਜਮਾਤ ਵਿੱਚ ਪੜ੍ਹਨ ਵਾਲੇ ਹਰਜੋਤ ਸਿੰਘ ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਹਾਦਸੇ ਵਿੱਚ ਜ਼ਖਮੀ ਹੋਏ ਮ੍ਰਿਤਕ ਬੱਚੇ ਦੇ ਪਿਤਾ ਤਰਲੋਚਨ ਸਿੰਘ, ਮਾਤਾ ਪਰਮਜੀਤ ਕੌਰ ਅਤੇ 9 ਸਾਲਾ ਛੋਟੇ ਭਰਾ ਜਸਕਰਨ ਸਿੰਘ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਨਜ਼ਦੀਕੀ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
