ਮੁਹਾਲੀ: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (AFPI), ਸੈਕਟਰ-66, ਮੁਹਾਲੀ ਦੀਆਂ 17 ਮਹਿਲਾ ਕੈਡਿਟਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ (NDA) ਦੀ ਲਿਖਤੀ ਪ੍ਰੀਖਿਆ ਪਾਸ ਕਰਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਸਰਕਾਰੀ ਸੰਸਥਾ ਵੱਲੋਂ NDA ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੀਆਂ ਮਹਿਲਾ ਕੈਡਿਟਾਂ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਵਿੱਚ ਸੈਨਿਕ ਸਕੂਲਾਂ ਅਤੇ ਰਾਸ਼ਟਰੀ ਮਿਲਟਰੀ ਸਕੂਲਾਂ ਦੀਆਂ ਸੰਸਥਾਵਾਂ ਵੀ ਸ਼ਾਮਲ ਹਨ।
ਇਸ ਸਫਲਤਾ ਨੂੰ ਖਾਸ ਤੌਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ NDA ਵਿੱਚ ਕੁੱਲ ਸੀਟਾਂ ਵਿੱਚੋਂ ਲਗਭਗ 6 ਫ਼ੀਸਦੀ ਸੀਟਾਂ ਹੀ ਲੜਕੀਆਂ ਲਈ ਹਨ, ਜਦਕਿ 94 ਫ਼ੀਸਦੀ ਸੀਟਾਂ ਲੜਕਿਆਂ ਲਈ ਹਨ। ਅਜਿਹੇ ਸਖ਼ਤ ਮੁਕਾਬਲੇ ਵਿੱਚ 17 ਕੈਡਿਟਾਂ ਵੱਲੋਂ ਲਿਖਤੀ ਪ੍ਰੀਖਿਆ ਪਾਸ ਕਰਨਾ ਉਨ੍ਹਾਂ ਦੀ ਮਿਹਨਤ, ਲਗਨ ਅਤੇ ਸਮਰੱਥਾ ਨੂੰ ਦਰਸਾਉਂਦਾ ਹੈ।
NDA ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੀਆਂ ਕੈਡਿਟਾਂ
ਮਾਈ ਭਾਗੋ AFPI ਦੀਆਂ ਸਫਲ ਕੈਡਿਟਾਂ ਵਿੱਚ ਤਨਵੀ, ਉਰਵੀ, ਸਿਮਰਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਪਹੁਲਜੀਤ ਕੌਰ, ਜਸਮੀਤ ਕੌਰ, ਮੁਸਕਾਨਪ੍ਰੀਤ ਕੌਰ, ਗਰਿਮਾ, ਅਨੀਸ਼ਾ, ਪ੍ਰਣਯਾ ਕਾਰਗਵਾਲ, ਜਸ਼ਨਦੀਪ ਕੌਰ, ਸਮ੍ਰਿਧੀ, ਅਰਸ਼ਕਿਰਨ ਕੌਰ, ਸਹਿਜਪ੍ਰੀਤ ਕੌਰ, ਜਪਨੀਤ ਕੌਰ, ਖੁਸ਼ੀ ਅਤੇ ਜਸਲੀਨ ਕੌਰ ਸ਼ਾਮਲ ਹਨ।
ਇਨ੍ਹਾਂ ਕੈਡਿਟਾਂ ਦੀ ਪ੍ਰਾਪਤੀ ਨੂੰ ਮਹਿਲਾਵਾਂ ਲਈ ਹਥਿਆਰਬੰਦ ਬਲਾਂ ਵਿੱਚ ਕਰੀਅਰ ਬਣਾਉਣ ਦੇ ਵਧਦੇ ਮੌਕਿਆਂ ਅਤੇ ਰੱਖਿਆ ਖੇਤਰ ਵਿੱਚ ਉਨ੍ਹਾਂ ਦੀ ਭਾਗੀਦਾਰੀ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਅਮਨ ਅਰੋੜਾ ਨੇ ਕੈਡਿਟਾਂ ਨੂੰ ਦਿੱਤੀ ਵਧਾਈ
ਪੰਜਾਬ ਦੇ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਸ ਪ੍ਰਾਪਤੀ ਲਈ ਸਾਰੀਆਂ ਸਫਲ ਕੈਡਿਟਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸੰਸਥਾ ਦੀ ਫੈਕਲਟੀ ਨੂੰ ਵਧਾਈ ਦਿੱਤੀ।
ਉਨ੍ਹਾਂ ਨੇ ਇਸ ਨੂੰ ਇਤਿਹਾਸਕ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਨਤੀਜਿਆਂ ਨਾਲ ਲੜਕੀਆਂ ਨੂੰ ਹਥਿਆਰਬੰਦ ਬਲਾਂ ਵਿੱਚ ਅਧਿਕਾਰੀ ਵਜੋਂ ਕਰੀਅਰ ਬਣਾਉਣ ਲਈ ਤਿਆਰ ਕਰਨ ਦੇ ਖੇਤਰ ਵਿੱਚ ਪੰਜਾਬ ਦੀ ਪਛਾਣ ਹੋਰ ਮਜ਼ਬੂਤ ਹੋਈ ਹੈ।
ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ AFPI ਵਿੱਚ ਲੜਕੀਆਂ ਲਈ NDA ਦੀ ਤਿਆਰੀ ਵਾਸਤੇ ਵੱਖਰਾ ਵਿੰਗ ਸ਼ੁਰੂ ਕਰਨ ਦਾ ਫੈਸਲਾ ਸਾਰਥਕ ਸਾਬਤ ਹੋ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਫਲਤਾ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਤੋਂ ਵੀ ਬਿਹਤਰ ਨਤੀਜੇ ਸਾਹਮਣੇ ਆਉਣਗੇ।
“ਪੰਜਾਬ ਲਈ ਮਾਣ ਵਾਲਾ ਇਤਿਹਾਸਕ ਪਲ”
ਅਮਨ ਅਰੋੜਾ ਨੇ ਕਿਹਾ ਕਿ ਮਾਈ ਭਾਗੋ AFPI ਦੀਆਂ 17 ਮਹਿਲਾ ਕੈਡਿਟਾਂ ਦੀ ਸਫਲਤਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਅਨੁਸਾਰ, ਇਹ ਪ੍ਰਾਪਤੀ ਸਿਰਫ਼ ਇਨ੍ਹਾਂ ਨੌਜਵਾਨਾਂ ਦੀ ਨਿੱਜੀ ਜਿੱਤ ਨਹੀਂ, ਸਗੋਂ ਸੂਬੇ ਵਿੱਚ ਮਹਿਲਾ ਸਸ਼ਕਤੀਕਰਨ ਅਤੇ ਰੱਖਿਆ ਖੇਤਰ ਵਿੱਚ ਲੜਕੀਆਂ ਦੀ ਵਧਦੀ ਭੂਮਿਕਾ ਦਾ ਵੀ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ NDA ਵਰਗੀ ਮੁਕਾਬਲੇ ਵਾਲੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨਾ ਕੈਡਿਟਾਂ ਦੀ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ। ਇਹ ਪ੍ਰਾਪਤੀ ਹੋਰ ਲੜਕੀਆਂ ਨੂੰ ਵੀ ਹਥਿਆਰਬੰਦ ਬਲਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਿਤ ਕਰੇਗੀ।
