ਨਾਭਾ: ਨਾਭਾ ਸ਼ਹਿਰ ਦੇ ਕਰਤਾਰਪੁਰਾ ਮੁਹੱਲੇ ਵਿੱਚ ਬਾਰਿਸ਼ ਦੌਰਾਨ ਵਾਪਰੀ ਇੱਕ ਦਰਦਨਾਕ ਘਟਨਾ ਵਿੱਚ 18 ਸਾਲਾ ਨੌਜਵਾਨ ਭਵਿਸ਼ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਹਾਦਸੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮਿਲੀ ਜਾਣਕਾਰੀ ਅਨੁਸਾਰ, ਭਵਿਸ਼ ਘਰ ਤੋਂ ਕੁਝ ਦੂਰੀ ‘ਤੇ ਗਿਆ ਹੋਇਆ ਸੀ। ਬਾਰਿਸ਼ ਕਾਰਨ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਸੀ। ਜਦੋਂ ਉਹ ਵਾਪਸ ਮੁੜਨ ਲੱਗਾ ਤਾਂ ਉਸ ਨੇ ਸਹਾਰੇ ਲਈ ਬਿਜਲੀ ਦੇ ਖੰਭੇ ਨੂੰ ਹੱਥ ਲਾਇਆ, ਜਿਸ ਵਿੱਚ ਕਰੰਟ ਦੌੜ ਰਿਹਾ ਸੀ। ਜਿਵੇਂ ਹੀ ਉਸ ਦਾ ਹੱਥ ਖੰਭੇ ਨਾਲ ਲੱਗਾ, ਉਸ ਨੂੰ ਜ਼ੋਰਦਾਰ ਕਰੰਟ ਲੱਗਿਆ ਅਤੇ ਉਹ ਪਾਣੀ ਵਿੱਚ ਡਿੱਗ ਪਿਆ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਤੋੜਿਆ ਦਮ
ਆਲੇ ਦੁਆਲੇ ਦੇ ਲੋਕਾਂ ਵੱਲੋਂ ਤੁਰੰਤ ਭਵਿਸ਼ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨੌਜਵਾਨ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ।
ITI ਦਾ ਵਿਦਿਆਰਥੀ ਸੀ ਭਵਿਸ਼
ਮ੍ਰਿਤਕ ਭਵਿਸ਼ ਨਾਭਾ ਦੀ ITI ਵਿੱਚ ਇਲੈਕਟ੍ਰੀਸ਼ਨ ਦਾ ਡਿਪਲੋਮਾ ਕਰ ਰਿਹਾ ਸੀ। ਪਰਿਵਾਰ ਨੂੰ ਕਦੇ ਵੀ ਅੰਦਾਜ਼ਾ ਨਹੀਂ ਸੀ ਕਿ ਸਧਾਰਨ ਤਰ੍ਹਾਂ ਘਰ ਤੋਂ ਬਾਹਰ ਜਾਣ ਵਾਲਾ ਉਹਨਾਂ ਦਾ ਪੁੱਤ ਮੁੜ ਕੇ ਘਰ ਵਾਪਸ ਨਹੀਂ ਆਵੇਗਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਾਰਿਸ਼ ਭਵਿਸ਼ ਲਈ ਮੌਤ ਬਣ ਕੇ ਆਈ।
ਭਰਾ ਨੇ ਲਗਾਏ ਪ੍ਰਸ਼ਾਸਨ ‘ਤੇ ਸਵਾਲ
ਇਸ ਮੌਕੇ ਭਵਿਸ਼ ਦੇ ਭਰਾ ਨੇ ਦੱਸਿਆ ਕਿ ਬਾਰਿਸ਼ ਦਾ ਪਾਣੀ ਇਲਾਕੇ ਵਿੱਚ ਖੜਾ ਸੀ ਅਤੇ ਬਿਜਲੀ ਦੇ ਖੰਭੇ ਵਿੱਚ ਕਰੰਟ ਆ ਰਿਹਾ ਸੀ। ਉਸ ਨੇ ਕਿਹਾ ਕਿ ਜੇਕਰ ਬਿਜਲੀ ਵਿਭਾਗ ਵੱਲੋਂ ਪਹਿਲਾਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਂਦੇ ਤਾਂ ਇਹ ਹਾਦਸਾ ਟਲ ਸਕਦਾ ਸੀ।
ਇਲਾਕੇ ‘ਚ ਸੋਗ, ਸੁਰੱਖਿਆ ਉੱਤੇ ਉਠੇ ਸਵਾਲ
ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਾਰਿਸ਼ ਦੌਰਾਨ ਖੁੱਲ੍ਹੇ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਦੀ ਜਾਂਚ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
