45 ਦਿਨ, 5 ਵਿਆਹ ਤੇ ਲੱਖਾਂ ਦੀ ਲੁੱਟ! ਲੁਟੇਰੀ ਦੁਲਹਨਾਂ ਦੇ ਗਿਰੋਹ ਦਾ ਪਰਦਾਫਾਸ਼, ਜਾਣੋ ਕਿਵੇਂ ਫਸੀ ‘ਮਾਸਟਰਮਾਈਂਡ’ ਹਸੀਨਾ

ਉੱਤਰ ਪ੍ਰਦੇਸ਼ : ਪੁਲਿਸ ਨੇ ਵਿਆਹ ਦੇ ਨਾਂ ‘ਤੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਮੁੱਖ ਮੁਲਜ਼ਮ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਭੋਲੇ-ਭਾਲੇ ਲੋਕਾਂ ਤੋਂ ਮੋਟੀ ਰਕਮ ਲੈ ਕੇ ਉਨ੍ਹਾਂ ਦਾ ਵਿਆਹ ਕਰਵਾਉਂਦਾ ਸੀ ਅਤੇ ਕੁਝ ਦਿਨਾਂ ਬਾਅਦ ਦੁਲਹਨ ਘਰ ਦਾ ਸਾਰਾ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਜਾਂਦੀ ਸੀ

ਪੱਛਮੀਬੰਗਾਲ ਦੀ ‘ਨੂਰਜਹਾਂ’ ਨਾਂ ਬਦਲ ਕੇ ਚਲਾ ਰਹੀ ਸੀ ਨੈੱਟਵਰਕ
ਪੁਲਿਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਖੁਲਾਸਾ ਕੀਤਾ ਕਿ ਗ੍ਰਿਫ਼ਤਾਰ ਕੀਤੀ ਗਈ ਮੁੱਖ ਮੁਲਜ਼ਮ ਪੱਛਮੀ ਬੰਗਾਲ ਦੇ ਲਾਲ ਬਾਜ਼ਾਰ ਖੇਤਰ ਦੀ ਰਹਿਣ ਵਾਲੀ ਕਾਜਲ ਉਰਫ਼ ਨੂਰਜਹਾਂ ਖਾਤੂਨ ਹੈ। ਉਹ ਇੱਥੇ ਆਪਣੀ ਪਛਾਣ ਬਦਲ ਕੇ ਰਹਿ ਰਹੀ ਸੀ। ਕਾਜਲ 50 ਤੋਂ 75 ਹਜ਼ਾਰ ਰੁਪਏ ਲੈ ਕੇ ਲੜਕੀਆਂ ਦੀ ‘ਸਪਲਾਈ’ ਕਰਦੀ ਸੀ। ਇਸ ਕੰਮ ਵਿੱਚ ਉਸ ਦਾ ਸਾਥੀ ਰਾਜੀਵ (ਵਾਸੀ ਬਦਾਯੂੰ) ਉਸ ਦੀ ਮਦਦ ਕਰਦਾ ਸੀ

ਇੰਝ ਖੁੱਲ੍ਹਿਆ ਲੁੱਟ ਦਾ ਰਾਜ਼
ਇਸ ਪੂਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ 21 ਜਨਵਰੀ ਨੂੰ ਗਰਾਮ ਪਤਰੌਆ ਵਿਖੇ ਰਾਜੂ ਨਾਮੀ ਨੌਜਵਾਨ ਨੇ ਆਪਣੀ ਨਵੀਂ ਵਿਆਹੀ ਪਤਨੀ ਪੂਜਾ ਉਰਫ਼ ਆਇਸ਼ਾ ਖਾਤੂਨ ਨੂੰ ਘਰੋਂ ਗਹਿਣੇ ਅਤੇ ਸਾਮਾਨ ਸਮੇਤ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ। ਵਿਆਹ ਦੇ ਮਹਿਜ਼ 10 ਦਿਨਾਂ ਬਾਅਦ ਜਦੋਂ ਲੜਕੀ ਭੱਜਣ ਦੀ ਫਿਰਾਕ ਵਿੱਚ ਸੀ, ਤਾਂ ਰਾਜੂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

45 ਦਿਨਾਂ ‘ਚ 5 ਸ਼ਿਕਾਰ
ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਪਿਛਲੇ ਡੇਢ ਮਹੀਨੇ ਵਿੱਚ ਇਸ ਗਿਰੋਹ ਨੇ ਪੰਜ ਵਿਆਹ ਕਰਵਾਏ ਸਨ:

4 ਵਿਆਹ ਪਤਰੌਆ ਪਿੰਡ ਵਿੱਚ ਹੋਏ ਸਨ।

1 ਵਿਆਹ ਮੁਰਾਦਾਬਾਦ ਦੇ ਇੱਕ ਰਿਸ਼ਤੇਦਾਰ ਨਾਲ ਕਰਵਾਇਆ ਗਿਆ ਸੀ। ਤਿੰਨ ਲੁਟੇਰੀਆਂ ਦੁਲਹਨਾਂ ਪਹਿਲਾਂ ਹੀ ਸਾਮਾਨ ਸਮੇਟ ਕੇ ਫ਼ਰਾਰ ਹੋ ਚੁੱਕੀਆਂ ਸਨ, ਜਦਕਿ ਪੰਜਵੀਂ (ਪੂਜਾ) ਫੜੀ ਗਈ।

ਪੁਲਿਸ ਦੀ ਕਾਰਵਾਈ
ਪੁਲਿਸ ਨੇ ਮੁੱਖ ਮੁਲਜ਼ਮ ਕਾਜਲ, ਉਸ ਦੇ ਸਾਥੀ ਰਾਜੀਵ ਅਤੇ ਭੱਜਣ ਦੀ ਕੋਸ਼ਿਸ਼ ਕਰਨ ਵਾਲੀ ਦੁਲਹਨ ਪੂਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਅਨੁਸਾਰ ਇਹ ਲੜਕੀਆਂ ਸਹੁਰੇ ਘਰ 5-6 ਦਿਨ ਰਹਿੰਦੀਆਂ ਸਨ ਅਤੇ ਮੌਕਾ ਦੇਖ ਕੇ ਸੋਨੇ-ਚਾਂਦੀ ਦੇ ਜੇਵਰ ਤੇ ਨਕਦੀ ਲੈ ਕੇ ਰਫ਼ੂ-ਚੱਕਰ ਹੋ ਜਾਂਦੀਆਂ ਸਨ

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਆਹ ਵਰਗੇ ਰਿਸ਼ਤੇ ਤੈਅ ਕਰਨ ਵੇਲੇ ਪੂਰੀ ਜਾਂਚ-ਪੜਤਾਲ ਜ਼ਰੂਰ ਕਰਨ ਤਾਂ ਜੋ ਅਜਿਹੇ ਗਿਰੋਹਾਂ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ

#uttarpradeshnews #crimenews #marriagenews #nationalnews #breakingnews