ਇਰਾਨ ਦਾ ਵੱਡਾ ਦਾਅਵਾ: ਨੇਤਨਯਾਹੂ ਦੇ ਦਫ਼ਤਰ 'ਤੇ ਕੀਤਾ 'ਸਰਪ੍ਰਾਈਜ਼' ਮਿਜ਼ਾਈਲ ਹਮਲਾ - Punjab Nation TV

ਇਰਾਨ ਦਾ ਵੱਡਾ ਦਾਅਵਾ: ਨੇਤਨਯਾਹੂ ਦੇ ਦਫ਼ਤਰ ‘ਤੇ ਕੀਤਾ ‘ਸਰਪ੍ਰਾਈਜ਼’ ਮਿਜ਼ਾਈਲ ਹਮਲਾ

ਮਿਡਲ ਈਸਟ ਵਿੱਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਇਰਾਨ ਦੀ ‘ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ’ (IRGC) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੂੰ ਮਿਜ਼ਾਈਲ ਹਮਲੇ ਦਾ ਨਿਸ਼ਾਨਾ ਬਣਾਇਆ ਹੈ। ਇਰਾਨ ਮੁਤਾਬਕ ਨੇਤਨਯਾਹੂ ਦੀ ਮੌਜੂਦਾ ਸਥਿਤੀ “ਅਸਪਸ਼ਟ” ਹੈ, ਹਾਲਾਂਕਿ ਇਜ਼ਰਾਈਲ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ

ਖੈਬਰ ਮਿਜ਼ਾਈਲਾਂ ਨਾਲ ਵੱਡਾ ਹਮਲਾ
IRGC ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤੇਲ ਅਵੀਵ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਇਲਾਵਾ ਹਾਈਫਾ ਵਿੱਚ ਫੌਜੀ ਕੇਂਦਰਾਂ ਅਤੇ ਪੂਰਬੀ ਯਰੂਸ਼ਲਮ ‘ਤੇ ‘ਖੈਬਰ’ (Kheibar) ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਸੋਮਵਾਰ ਨੂੰ ਯਰੂਸ਼ਲਮ ਦੇ ਅਸਮਾਨ ਵਿੱਚ ਜ਼ੋਰਦਾਰ ਧਮਾਕੇ ਸੁਣੇ ਗਏ। ਇਜ਼ਰਾਈਲੀ ਫੌਜ (IDF) ਨੇ ਕਿਹਾ ਕਿ ਉਨ੍ਹਾਂ ਦੇ ਰੱਖਿਆ ਪ੍ਰਣਾਲੀ (Air Defence) ਇਨ੍ਹਾਂ ਮਿਜ਼ਾਈਲਾਂ ਨੂੰ ਰੋਕਣ ਲਈ ਸਰਗਰਮ ਹਨ

ਪੂਰੇ ਖੇਤਰ ਵਿੱਚ ਫੈਲੀ ਜੰਗ ਦੀ ਅੱਗ
ਸ਼ਨੀਵਾਰ ਨੂੰ ਅਯਾਤੁੱਲਾ ਅਲੀ ਖਮੇਨੇਈ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਇਹ ਜੰਗ ਹੁਣ ਹੋਰ ਦੇਸ਼ਾਂ ਤੱਕ ਫੈਲ ਗਈ ਹੈ:

ਕੁਵੈਤ: ਅਮਰੀਕੀ ਦੂਤਾਵਾਸ ਦੇ ਉੱਪਰ ਕਾਲਾ ਧੂੰਆਂ ਦੇਖਿਆ ਗਿਆ ਅਤੇ ਅਮਰੀਕੀ ਜੰਗੀ ਜਹਾਜ਼ ਹਾਦਸਾਗ੍ਰਸਤ ਹੋ ਗਏ। ਦੁਬਈ, ਅਬੂ ਧਾਬੀ, ਦੋਹਾ (ਕਤਰ) ਅਤੇ ਮਨਾਮਾ (ਬਹਿਰੀਨ) ਵਿੱਚ ਵੀ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।

ਸਾਈਪ੍ਰਸ: ਇੱਥੇ ਸਥਿਤ ਬ੍ਰਿਟਿਸ਼ ਏਅਰ ਬੇਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਭਾਰੀ ਜਾਨੀ ਨੁਕਸਾਨ
ਇਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ ਮੁਤਾਬਕ, ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਵਿੱਚ ਕੀਤੀ ਗਈ ਫੌਜੀ ਕਾਰਵਾਈ ਦੌਰਾਨ ਹੁਣ ਤੱਕ ਘੱਟੋ-ਘੱਟ 555 ਲੋਕ ਮਾਰੇ ਜਾ ਚੁੱਕੇ ਹਨ। ਯੂਰਪੀਅਨ ਕਮਿਸ਼ਨ ਦੀ ਪ੍ਰਮੁੱਖ ਉਰਸੁਲਾ ਵਾਨ ਡੇਰ ਲੇਅਨ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਦਿਆਂ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਅਤੇ ਜੰਗ ਨੂੰ ਰੋਕਣ ਦੀ ਅਪੀਲ ਕੀਤੀ ਹੈ।

ਅਮਰੀਕੀ ਦੂਤਾਵਾਸਾਂ ਵਿੱਚ ਹੜਕੰਪ
ਕੁਵੈਤ ਸਥਿਤ ਅਮਰੀਕੀ ਦੂਤਾਵਾਸ ਨੇ ਇੱਕ ਸੁਰੱਖਿਆ ਚਿਤਾਵਨੀ ਜਾਰੀ ਕਰਦਿਆਂ ਆਪਣੇ ਸਟਾਫ਼ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੇ ਹੁਕਮ ਦਿੱਤੇ ਹਨ। ਦੂਤਾਵਾਸ ਨੇ ਕਿਹਾ ਹੈ ਕਿ ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ