ਨਕਲੀ ਪੁਲਿਸ ਸਬ-ਇੰਸਪੈਕਟਰ ਹੋਇਆ ਗ੍ਰਿਫਤਾਰ

ਫਰੀਦਕੋਟ: ਪੰਜਾਬ ਪੁਲਿਸ ਨੇ ਖੁਦ ਨੂੰ ਹਰਿਆਣਾ ਪੁਲਿਸ ਦਾ ਸਬ-ਇੰਸਪੈਕਟਰ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਗੁਰਮੰਗਤ ਸਿੰਘ (ਫਤਿਹਾਬਾਦ, ਹਰਿਆਣਾ) ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ ਇੱਕ ਟੋਇਟਾ ਅਰਬਨ ਕਰੂਜ਼ਰ ਕਾਰ ਅਤੇ ਹਰਿਆਣਾ ਪੁਲਿਸ ਦੇ 4 ਫਰਜ਼ੀ ਆਈਡੀ ਕਾਰਡ ਬਰਾਮਦ ਕੀਤੇ ਹਨ

ਨਾਕੇ ‘ਤੇ ਦਿਖਾਈ ਸੀ ਹਾਈਕੋਰਟ ਜੱਜ ਦੀ ‘ਧੌਂਸ’
ਜਾਣਕਾਰੀ ਅਨੁਸਾਰ, SSP ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਏਐਸਆਈ ਰਵੀਕਾਂਤ ਦੀ ਅਗਵਾਈ ਹੇਠ ਪੁਲਿਸ ਟੀਮ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਪਿੰਡ ਟਹਿਣਾ ਨੇੜੇ ਹਾਈ-ਟੈਕ ਨਾਕੇ ‘ਤੇ ਮੌਜੂਦ ਸੀ। ਇਸ ਦੌਰਾਨ ਜਦੋਂ ਇੱਕ ਟੋਇਟਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਚਾਲਕ ਨੇ ਦਾਅਵਾ ਕੀਤਾ ਕਿ ਇਹ ਹਾਈਕੋਰਟ ਦੇ ਜੱਜ ਦੀ ਗੱਡੀ ਹੈ। ਜਦੋਂ ਪੁਲਿਸ ਨੇ ਡਰਾਈਵਿੰਗ ਲਾਇਸੈਂਸ ਮੰਗਿਆ, ਤਾਂ ਉਸਨੇ ਹਰਿਆਣਾ ਪੁਲਿਸ ਦੇ ਸਬ-ਇੰਸਪੈਕਟਰ ਦਾ ਫਰਜ਼ੀ ਕਾਰਡ ਦਿਖਾਇਆ। ਜਦੋਂ ਪੁਲਿਸ ਨੇ ਉਸਦੀ ਤਾਇਨਾਤੀ ਬਾਰੇ ਸਖ਼ਤੀ ਨਾਲ ਪੁੱਛਿਆ, ਤਾਂ ਉਹ ਬਹਿਸ ਕਰਨ ਲੱਗ ਪਿਆ

ਪੁਲਿਸ ਮੁਲਾਜ਼ਮ ਨੂੰ ਕੁਚਲਣ ਦੀ ਕੋਸ਼ਿਸ਼ ਅਤੇ ਫਰਾਰ
ਬਹਿਸਬਾਜ਼ੀ ਦੌਰਾਨ ਮੁਲਜ਼ਮ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਪੁਲਿਸ ਮੁਲਾਜ਼ਮ ‘ਤੇ ਗੱਡੀ ਚੜ੍ਹਾ ਕੇ ਉਸਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਫਰੀਦਕੋਟ ਪੁਲਿਸ ਨੇ ਤੁਰੰਤ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰ ਦਿੱਤੀ ਅਤੇ ਏਐਸਆਈ ਰਾਜ ਸਿੰਘ ਦੀ ਟੀਮ ਨੇ ਮੁਲਜ਼ਮ ਨੂੰ ਬੀੜ ਚਹਿਲ ਇਲਾਕੇ ਤੋਂ ਕਾਰ ਸਮੇਤ ਕਾਬੂ ਕਰ ਲਿਆ।

ਗੱਡੀ ‘ਤੇ ਲਾਈ ਸੀ ਲਾਈਟ ਤੇ ਨਕਲੀ ਸਟਿੱਕਰ
ਐਸਪੀ (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਗੋਰਾਇਆ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਗੱਡੀ ‘ਤੇ ਪੁਲਿਸ ਵਾਲੀ ਫਲੈਸ਼ਰ ਲਾਈਟ ਅਤੇ ਹਾਈਕੋਰਟ ਦੇ ਜੱਜ ਦੇ ਨਾਮ ਦੇ ਨਕਲੀ ਸਟਿੱਕਰ ਲਗਾ ਰੱਖੇ ਸਨ। ਥਾਣਾ ਸਦਰ ਫਰੀਦਕੋਟ ਵਿੱਚ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ

ਪੁਲਿਸ ਹੁਣ ਮੁਲਜ਼ਮ ਨੂੰ ਰਿਮਾਂਡ ‘ਤੇ ਲੈ ਕੇ ਇਹ ਪਤਾ ਲਗਾਏਗੀ ਕਿ ਉਸਨੇ ਇਸ ਫਰਜ਼ੀ ਪਛਾਣ ਦੀ ਵਰਤੋਂ ਕਰਕੇ ਹੋਰ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਜਾਲਸਾਜ਼ੀ ਵਿੱਚ ਉਸਦੇ ਨਾਲ ਹੋਰ ਕੌਣ-ਕੌਣ ਸ਼ਾਮਲ ਹਨ