ਅੱਜ-ਕੱਲ੍ਹ ਪਾਲਤੂ ਜਾਨਵਰ ਸਿਰਫ਼ ਜਾਨਵਰ ਨਹੀਂ, ਸਗੋਂ ਪਰਿਵਾਰ ਦੇ ਮੈਂਬਰਾਂ ਵਾਂਗ ਹੁੰਦੇ ਹਨ। ਜਦੋਂ ਉਹ ਬੀਮਾਰ ਹੁੰਦੇ ਹਨ, ਤਾਂ ਮਾਲਕਾਂ ਲਈ ਕੰਮ ਅਤੇ ਉਨ੍ਹਾਂ ਦੀ ਸੇਵਾ ਵਿਚਕਾਰ ਤਾਲਮੇਲ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਸਮਝਦਿਆਂ ਇਟਲੀ ਨੇ ਇੱਕ ਬਹੁਤ ਹੀ ਇਨਸਾਨੀਅਤ ਭਰਿਆ ਕਦਮ ਚੁੱਕਿਆ ਹੈ। ਹੁਣ ਉੱਥੇ ਕਰਮਚਾਰੀ ਆਪਣੇ ਬੀਮਾਰ ਪਾਲਤੂ ਜਾਨਵਰਾਂ ਦੀ ਦੇਖਭਾਲ ਲਈ ‘ਪੇਡ ਲੀਵ‘ (ਤਨਖਾਹ ਸਮੇਤ ਛੁੱਟੀ) ਲੈ ਸਕਦੇ ਹਨ।
ਕਿਵੇਂ ਹੋਈ ਇਸ ਦੀ ਸ਼ੁਰੂਆਤ?
ਇਸ ਬਦਲਾਅ ਦੀ ਨੀਂਹ 2017 ਵਿੱਚ ਇੱਕ ਅਦਾਲਤੀ ਫੈਸਲੇ ਰਾਹੀਂ ਰੱਖੀ ਗਈ ਸੀ। ਇੱਕ ਮਹਿਲਾ ਕਰਮਚਾਰੀ ਨੇ ਆਪਣੇ ਬੀਮਾਰ ਕੁੱਤੇ ਦੀ ਦੇਖਭਾਲ ਲਈ ਦਫ਼ਤਰ ਤੋਂ ਛੁੱਟੀ ਲਈ ਸੀ, ਜਿਸ ਨੂੰ ਕੰਪਨੀ ਨੇ ਗ਼ੈਰ-ਕਾਨੂੰਨੀ ਮੰਨਿਆ। ਪਰ ਅਦਾਲਤ ਨੇ ਔਰਤ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਾਲਤੂ ਜਾਨਵਰ ਦੀ ਦੇਖਭਾਲ ਕਰਨਾ “ਗੰਭੀਰ ਨਿੱਜੀ ਜਾਂ ਪਰਿਵਾਰਕ ਕਾਰਨ” ਹੈ। ਇਸ ਫੈਸਲੇ ਨੇ ਪਾਲਤੂ ਜਾਨਵਰਾਂ ਪ੍ਰੇਮੀਆਂ ਲਈ ਨਵੇਂ ਰਾਹ ਖੋਲ੍ਹ ਦਿੱਤੇ।
ਛੁੱਟੀ ਲੈਣ ਲਈ ਜ਼ਰੂਰੀ ਨਿਯਮ
ਇਹ ਸਹੂਲਤ ਸਿਰਫ਼ ਗੰਭੀਰ ਹਾਲਤਾਂ ਵਿੱਚ ਹੀ ਮਿਲਦੀ ਹੈ ਤਾਂ ਜੋ ਇਸ ਦੀ ਗ਼ਲਤ ਵਰਤੋਂ ਨਾ ਹੋਵੇ। ਕਰਮਚਾਰੀ ਨੂੰ ਵੈਟਰਨਰੀ ਡਾਕਟਰ (ਪਸ਼ੂਆਂ ਦੇ ਡਾਕਟਰ) ਤੋਂ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੈ। ਸਰਟੀਫਿਕੇਟ ਵਿੱਚ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜਾਨਵਰ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਤੁਰੰਤ ਦੇਖਭਾਲ ਦੀ ਲੋੜ ਹੈ।
ਕਾਨੂੰਨੀ ਜ਼ਿੰਮੇਵਾਰੀ
ਇਟਲੀ ਵਿੱਚ ਜਾਨਵਰਾਂ ਪ੍ਰਤੀ ਕਾਨੂੰਨ ਬਹੁਤ ਸਖ਼ਤ ਹਨ। ਉੱਥੇ ਕਿਸੇ ਪਾਲਤੂ ਜਾਨਵਰ ਨੂੰ ਤਕਲੀਫ਼ ਵਿੱਚ ਇਕੱਲਾ ਛੱਡਣਾ ਇੱਕ ਅਪਰਾਧ ਮੰਨਿਆ ਜਾਂਦਾ ਹੈ, ਜਿਸ ਲਈ ਜੁਰਮਾਨਾ ਜਾਂ ਜੇਲ੍ਹ ਵੀ ਹੋ ਸਕਦੀ ਹੈ। ਅਦਾਲਤ ਅਨੁਸਾਰ, ਜਾਨਵਰ ਦੀ ਸਿਹਤ ਦਾ ਧਿਆਨ ਰੱਖਣਾ ਮਾਲਕ ਦੀ ਸਿਰਫ਼ ਇੱਛਾ ਨਹੀਂ, ਸਗੋਂ ਉਸ ਦੀ ਕਾਨੂੰਨੀ ਜ਼ਿੰਮੇਵਾਰੀ ਹੈ।
