ਵਰਿੰਦਾਵਨ ਹਾਦਸਾ : ਲੋਕਾਂ ਨੂੰ ਬਚਾਉਣ ਦੀ ਬਜਾਏ ਮੌਕੇ ਤੋਂ ਭੱਜਣ ਵਾਲਾ ਕਿਸ਼ਤੀ ਮਾਲਕ ਗ੍ਰਿਫਤਾਰ

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ਕੇਸੀ ਘਾਟ ਨੇੜੇ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਭਿਆਨਕ ਕਿਸ਼ਤੀ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਲਾਪਰਵਾਹੀ ਵਰਤਣ ਵਾਲੇ ਕਿਸ਼ਤੀ ਮਾਲਕ ਪੱਪੂ ਨਿਸ਼ਾਦ ਨੂੰ ਘਟਨਾ ਦੇ 6 ਘੰਟੇ ਬਾਅਦ ਗ੍ਰਿਫਤਾਰ ਕਰ ਲਿਆ ਹੈ

ਲਾਪਰਵਾਹੀ ਦੀ ਹੱਦ: ਨਾ ਲਾਈਫ ਜੈਕਟ, ਨਾ ਸੁਰੱਖਿਆ
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਸ਼ਤੀ ਵਿੱਚ 37 ਸ਼ਰਧਾਲੂ ਸਵਾਰ ਸਨ। ਹਾਲਾਂਕਿ ਕਿਸ਼ਤੀ ਦੀ ਸਮਰੱਥਾ 40 ਦੀ ਸੀ, ਪਰ ਸਭ ਤੋਂ ਵੱਡੀ ਲਾਪਰਵਾਹੀ ਇਹ ਰਹੀ ਕਿ ਕਿਸੇ ਵੀ ਸ਼ਰਧਾਲੂ ਨੂੰ ਲਾਈਫ ਜੈਕਟ ਨਹੀਂ ਦਿੱਤੀ ਗਈ ਸੀ। ਹਾਦਸੇ ਤੋਂ ਤੁਰੰਤ ਬਾਅਦ ਕਿਸ਼ਤੀ ਮਾਲਕ ਲੋਕਾਂ ਨੂੰ ਡੁੱਬਦਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਰਾਤ 9 ਵਜੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ

ਚਸ਼ਮਦੀਦ ਦੀ ਹੱਡਬੀਤੀ: “ਅਸੀਂ ਚੀਕਦੇ ਰਹੇ, ਪਰ ਮਲਾਹ ਨੇ ਗੱਲ ਨਹੀਂ ਸੁਣੀ”
ਹਾਦਸੇ ਵਿੱਚ ਜ਼ਿੰਦਾ ਬਚੇ ਇੱਕ ਨੌਜਵਾਨ ਨੇ ਦੱਸਿਆ ਕਿ ਉਸ ਵੇਲੇ ਹਵਾ ਦੀ ਰਫ਼ਤਾਰ ਕਰੀਬ 40 ਕਿਲੋਮੀਟਰ ਪ੍ਰਤੀ ਘੰਟਾ ਸੀ

“ਕਿਸ਼ਤੀ ਤੱਟ ਤੋਂ 50 ਫੁੱਟ ਦੂਰ ਸੀ ਜਦੋਂ ਤੇਜ਼ ਹਵਾ ਕਾਰਨ ਉਹ ਡੋਲਣ ਲੱਗੀ। ਅਸੀਂ ਮਲਾਹ ਨੂੰ ਵਾਰ-ਵਾਰ ਕਿਹਾ ਕਿ ਅੱਗੇ ਪੁਲ ਆ ਰਿਹਾ ਹੈ, ਕਿਸ਼ਤੀ ਰੋਕ ਲਵੋ, ਪਰ ਉਸ ਨੇ ਸਾਡੀ ਇੱਕ ਨਾ ਸੁਣੀ। ਦੋ ਵਾਰ ਕਿਸ਼ਤੀ ਪੀਪਾ ਪੁਲ ਨਾਲ ਟਕਰਾਉਣ ਤੋਂ ਬਚੀ, ਪਰ ਤੀਜੀ ਵਾਰ ਜ਼ੋਰਦਾਰ ਟੱਕਰ ਹੋਈ ਅਤੇ ਕਿਸ਼ਤੀ ਪਲਟ ਗਈ

ਬਚਾਅ ਕਾਰਜ
ਹਾਦਸੇ ਦੇ ਸਮੇਂ ਪੀਪਾ ਪੁਲ ਦੀ ਮੁਰੰਮਤ ਕਰ ਰਹੇ ਮਜ਼ਦੂਰਾਂ ਅਤੇ ਨੇੜਲੇ ਹੋਰ ਮਲਾਹਾਂ ਨੇ ਤੁਰੰਤ ਪਾਣੀ ਵਿੱਚ ਛਾਲ ਮਾਰ ਕੇ ਕਈ ਲੋਕਾਂ ਦੀ ਜਾਨ ਬਚਾਈ। ਬਾਅਦ ਵਿੱਚ ਪ੍ਰਸ਼ਾਸਨ ਦੀਆਂ ਟੀਮਾਂ ਅਤੇ ਰੈਸਕਿਊ ਫੋਰਸ ਨੇ ਮੌਕੇ ‘ਤੇ ਪਹੁੰਚ ਕੇ ਬਾਕੀ ਲੋਕਾਂ ਨੂੰ ਬਾਹਰ ਕੱਢਿਆ