ਇਟਲੀ ਚ’ ਗੁਰਦੁਆਰੇ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ, ਦੋ ਪੰਜਾਬੀਆਂ ਦੀ ਮੌਤ, ਵਿਸਾਖੀ ਸਮਾਗਮ ਰੱਦ

ਕੋਵੋ (ਇਟਲੀ): ਇਟਲੀ ਦੇ ਬੇਰਗਾਮੋ ਇਲਾਕੇ ਵਿੱਚ ਵਿਸਾਖੀ ਦੇ ਤਿਉਹਾਰ ਦੀਆਂ ਤਿਆਰੀਆਂ ਦੌਰਾਨ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ 17 ਅਪ੍ਰੈਲ ਨੂੰ ਦਿਨ ਦਿਹਾੜੇ ਵਾਪਰੀ, ਜਿਸ ਨੇ ਪੂਰੇ ਯੂਰਪ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ

ਮ੍ਰਿਤਕਾਂ ਦੀ ਹੋਈ ਪਛਾਣ
ਮ੍ਰਿਤਕਾਂ ਦੀ ਪਛਾਣ ਰਾਜਿੰਦਰ ਸਿੰਘ (48) ਅਤੇ ਗੁਰਮੀਤ ਸਿੰਘ (48) ਵਜੋਂ ਹੋਈ ਹੈ। ਰਾਜਿੰਦਰ ਸਿੰਘ ਸਥਾਨਕ ਨਿਵਾਸੀ ਸੀ, ਜਦੋਂ ਕਿ ਗੁਰਮੀਤ ਸਿੰਘ ਅਗਨਾਡੇਲੋ (ਕ੍ਰੇਮੋਨਾ) ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਆਪਣੇ ਪਿੱਛੇ ਤਿੰਨ-ਤਿੰਨ ਬੱਚੇ ਛੱਡ ਗਏ ਹਨ

ਕਿਵੇਂ ਵਾਪਰੀ ਖੂਨੀ ਵਾਰਦਾਤ?
ਚਸ਼ਮਦੀਦਾਂ ਮੁਤਾਬਕ ਘਟਨਾ ਉਸ ਸਮੇਂ ਵਾਪਰੀ ਜਦੋਂ ਦੋਵੇਂ ਵਿਅਕਤੀ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਅਸਥਾਈ ਕੰਪਲੈਕਸ ਤੋਂ ਬਾਹਰ ਨਿਕਲੇ ਸਨ। ਦੋ ਕਾਰਾਂ ਵਿੱਚ ਸਵਾਰ ਚਾਰ ਹਮਲਾਵਰ ਉੱਥੇ ਪਹੁੰਚੇ। ਕਾਰ ਵਿੱਚੋਂ ਉਤਰ ਕੇ ਹਮਲਾਵਰ ਨੇ ਗੋਡਿਆਂ ਭਾਰ ਬੈਠ ਕੇ ਮੱਥਾ ਟੇਕਣ ਦਾ ਨਾਟਕ ਕੀਤਾ ਅਤੇ ਫਿਰ ਅਚਾਨਕ ਖੜ੍ਹੇ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ

  • ਹਮਲਾਵਰ ਨੇ ਲਗਭਗ 10 ਰਾਊਂਡ ਫਾਇਰ ਕੀਤੇ
  • ਰਾਜਿੰਦਰ ਸਿੰਘ ਦੇ ਸਿਰ, ਗਰਦਨ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ
  • ਗੁਰਮੀਤ ਸਿੰਘ ਦੇ ਸਿਰ ਅਤੇ ਲੱਤ ਵਿੱਚ ਗੋਲੀਆਂ ਲੱਗੀਆਂ
  • ਗੋਲੀਬਾਰੀ ਇੰਨੀ ਭਿਆਨਕ ਸੀ ਕਿ ਇੱਕ ਤੀਜਾ ਵਿਅਕਤੀ ਵੀ ਵਾਲ-ਵਾਲ ਬਚਿਆ, ਜਿਸ ਦੇ ਕੰਨ ਨੂੰ ਗੋਲੀ ਛੂਹ ਕੇ ਨਿਕਲ ਗਈ

ਮੈਨੇਜਮੈਂਟ ਦਾ ਵਿਵਾਦ ਦੱਸਿਆ ਜਾ ਰਿਹਾ ਹੈ ਕਾਰਨ
ਮੁੱਢਲੀ ਜਾਂਚ ਅਤੇ ਇਟਾਲੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਇਸ ਕਤਲਕਾਂਡ ਪਿੱਛੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਆਪਸੀ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਜਿੰਦਰ ਸਿੰਘ ਦਾ ਹਮਲਾਵਰਾਂ ਨਾਲ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ। ਹਮਲਾਵਰਾਂ ਵਿੱਚੋਂ ਇੱਕ ਵਿਅਕਤੀ ਸਿੱਖ ਸੈਂਟਰ ਦਾ ਸਾਬਕਾ ਪ੍ਰਧਾਨ ਦੱਸਿਆ ਜਾ ਰਿਹਾ ਹੈ।

ਪੁਲਿਸ ਦੀ ਕਾਰਵਾਈ ਅਤੇ ਸਮਾਗਮ ਰੱਦ
ਇਟਲੀ ਦੀ ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਹਮਲਾਵਰਾਂ ਦੀਆਂ ਕਾਰਾਂ ਦੇ ਨੰਬਰ ਅਤੇ ਪਛਾਣ ਕਬਜ਼ੇ ਵਿੱਚ ਲੈ ਲਈ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਹੋਣ ਵਾਲੇ ਵਿਸਾਖੀ ਦੇ ਸਾਰੇ ਸਮਾਗਮ ਰੱਦ ਕਰ ਦਿੱਤੇ ਗਏ ਹਨ।

ਇਸ ਘਟਨਾ ਨੇ ਵਿਦੇਸ਼ਾਂ ਵਿੱਚ ਗੁਰਦੁਆਰਾ ਪ੍ਰਬੰਧਾਂ ਨੂੰ ਲੈ ਕੇ ਹੋਣ ਵਾਲੇ ਟਕਰਾਅ ਅਤੇ ਸੁਰੱਖਿਆ ਦੇ ਮੁੱਦਿਆਂ ‘ਤੇ ਮੁੜ ਚਰਚਾ ਛੇੜ ਦਿੱਤੀ ਹੈ